25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਿੱਜੀ ਤਸਵੀਰਾਂ ਵਾਇਰਲ ਕਰਨਾ ਮੇਰੀ ਸਾਖ਼ ਨੂੰ ਖ਼ਰਾਬ ਕਰਨ ਦੀ ਡੂੰਘੀ ਸਾਜਿਸ਼-ਡਾ. ਰਵਜੋਤ ਸਿੰਘ <br/>

ਅਜੀਤ ਡੈਸਕ 19-06-2025
ਜਲੰਧਰ, 18 ਜੂਨ (ਸ਼ਿਵ ਸ਼ਰਮਾ, ਪਵਨ ਖਰਬੰਦਾ)-ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਸ਼ੋਸ਼ਲ ਮੀਡੀਆ 'ਤੇ ਵਾਇਰਲ ਇਤਰਾਜ਼ਯੋਗ ਤਸਵੀਰਾਂ ਦੇ ਮਾਮਲੇ 'ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਇਹ ਸਭ ਕੁਝ ਉਨ੍ਹਾਂ ਦੀ ਸਿਆਸੀ ਸਾਖ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀਆਂ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਤਸਵੀਰਾਂ ਨੂੰ ਇਸ ਤਰ੍ਹਾਂ ਵਾਇਰਲ ਨਹੀਂ ਕੀਤਾ ਜਾਣਾ ਚਾਹੀਦਾ ਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਨ੍ਹਾਂ ਵਲੋਂ ਪਹਿਲਾਂ ਹੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤੇ ਪੁਲਿਸ ਆਪਣੇ ਪੱਧਰ 'ਤੇ ਕਾਰਵਾਈ ਕਰ ਰਹੀ ਹੈ | ਡਾ. ਰਵਜੋਤ ਸਿੰਘ ਨੇ ਇਹ ਤਸਵੀਰਾਂ ਵਾਇਰਲ ਕਰਨ ਦੇ ਸਮੇਂ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸਭ ਕੁਝ ਲੁਧਿਆਣਾ ਪੱਛਮੀਂ ਹਲਕੇ ਦੀ ਜ਼ਿਮਨੀ ਚੋਣ ਦੇ ਸੰਬੰਧ 'ਚ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ ਪਰ ਲੋਕ ਸਭ ਕੁਝ ਸਮਝਦੇ ਹਨ ਤੇ ਉਹ ਵਿਰੋਧੀਆਂ ਦੀਆਂ ਇਸ ਤਰ੍ਹਾਂ ਦੀਆਂ ਗੁੰਮਰਾਹਕੁੰਨ ਚਾਲਾਂ ਵਿਚ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬੇਹੱਦ ਹੇਠਲੇ ਦਰਜੇ ਦੀ ਸਿਆਸਤ ਨੂੰ ਲੋਕ ਕਿਸੇ ਵੀ ਸੂਰਤ ਵਿਚ ਪਸੰਦ ਨਹੀਂ ਕਰਨਗੇ ਅਤੇ ਵਿਰੋਧੀਆਂ ਦੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦੇਣਗੇ | ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਦੀ ਨਿੱਜੀ ਜ਼ਿੰਦਗੀ ਹੁੰਦੀ ਹੈ ਤੇ ਉਸ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਹੱਕ ਹੈ | ਡਾ. ਰਵਜੋਤ ਸਿੰਘ ਨੇ ਕਿਹਾ ਕਿ ਛੇੜਛਾੜ ਕਰਕੇ ਮਹਿਲਾ ਨੂੰ ਮੇਰੇ ਨਾਲ ਜੋੜ ਕੇ ਤਸਵੀਰਾਂ ਵਾਇਰਲ ਕਰਨ ਦੀ ਘਟਨਾ ਨਾਲ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਅੱਜ ਉਹ ਬਹੁਤ ਹੀ ਭਰੇ ਮਨ ਨਾਲ ਇਹ ਪੱਤਰਕਾਰ ਸੰਮੇਲਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਅਕਾਲੀ ਆਗੂ ਦੇ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਹੁਣ ਪੁਲਿਸ ਆਪਣੇ ਪੱਧਰ 'ਤੇ ਕਾਰਵਾਈ ਕਰੇਗੀ, ਜਿਸ ਨਾਲ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ |

ਪਿਛਲੀ ਖ਼ਬਰ ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਰਾਹ ਹੋਇਆ ਪੱਧਰਾ-ਪੰਜਾਬ ਸਰਕਾਰ ਦੀ ਅਪੀਲ ਰੱਦ <br/> ਅਗਲੀ ਖ਼ਬਰ ਮਹਿਰੋਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ-ਸਾਥੀਆਂ ਨੂੰ ਜੇਲ੍ਹ ਭੇਜਿਆ ਵਾਰਦਾਤ 'ਚ ਸ਼ਾਮਿਲ 5ਵੇਂ ਵਿਅਕਤੀ ਦੀ ਪੁਲਿਸ ਅਜੇ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।