ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਕਰਵਾਏ 'ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ-2025' ਦੇ ਅੱਜ ਆਖਰੀ ਦਿਨ ਵੱਖ-ਵੱਖ ਨਗਰਾਂ ਤੋਂ, ਵੱਖ-ਵੱਖ ਸੰਗੀਤਕ ਅਕੈਡਮੀਆਂ ਦੇ ਪੁੱਜੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ 'ਪਦਮ ਸ੍ਰੀ ਸ਼ਾਹਿਦ ਪਰਵੇਜ਼ ਜੀ' ਦੀ ਸਿਤਾਰ ਸਰਵਣ ਕਰਨ ਅਤੇ ਉਨ੍ਹਾਂ ਦੇ ਤਜ਼ਰਬੇ ਨੂੰ ਸਮਝਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ, ਉੱਥੇ ਸਿਤਰ ਵਜਾਉਂਦੀਆਂ ਉਨ੍ਹਾਂ ਸਰੋਤਿਆਂ ਨੂੰ ਵੀ ਕੀਲਿਆ | ਇਨ੍ਹਾਂ ਤੋਂ ਇਲਾਵਾ ਕੁਮਾਰੀ ਸਮਰਾਜੰਨੀ ਬੈਨਰਜੀ ਕੋਲਕਾਤਾ, ਭਾਈ ਸਹਿਜਦੀਪ ਸਿੰਘ ਨੇ ਵੀ ਪੇਸ਼ਕਾਰੀ ਕੀਤੀ | ਜਦਕਿ ਉਸਤਾਦ ਜਤਿੰਦਰਪਾਲ ਸਿੰਘ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਮਨਿੰਦਰ ਸਿੰਘ, ਪੰਡਿਤ ਰਮਾਕਾਂਤ ਜੀ, ਪ੍ਰੋ: ਗੋਬਿੰਦਰ ਸਿੰਘ ਆਲਮਪੁਰੀ ਆਦਿ ਤੋਂ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਸੁਰ ਤੇ ਸੰਗੀਤਕ ਸ਼ੈਲੀ ਅਨੁਸਾਰ ਵਕਤੀ ਰਾਗ 'ਚ ਗਾਇਨ ਕਿਵੇਂ ਕਰਨਾ | ਭਾਈ ਜਸਪ੍ਰੀਤ ਸਿੰਘ ਬਠਿੰਡਾ, ਡਾ: ਗੁਰਿੰਦਰ ਸਿੰਘ ਬਟਾਲਾ, ਪ੍ਰੋ: ਪ੍ਰੇਮ ਸਾਗਰ, ਰਾਜੇਸ਼ ਮਾਲਵੀਆ, ਡਾ: ਗੁਰਦਿਆਲ ਸਿੰਘ ਲਾਲੀ, ਮੈਡਮ ਅਵਤਾਰ ਕੌਰ ਆਦਿ ਨੇ ਵੀ ਵਿਦਿਆਰਥੀਆਂ ਨਾਲ ਸੰਗੀਤ ਦੀਆਂ ਬਾਰੀਕੀਆਂ ਸਾਂਝੀਆਂ ਕੀਤੀਆਂ | ਸੰਤ ਅਮੀਰ ਸਿੰਘ ਨੇ ਪਦਮ ਸ੍ਰੀ ਸ਼ਾਹਿਦ ਪਰਵੇਜ਼ ਅਤੇ ਤਿੰਨ ਰੋਜ਼ਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸੰਗੀਤ ਦੇ ਮਾਹਰ ਉਸਤਾਦ ਸਾਹਿਬਾਨ ਨੂੰ ਸਨਮਾਨਿਤ ਕੀਤਾ |