ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਰਾਸ਼ਿਦ ਮਿਨਹਾਸ ਰੋਡ 'ਤੇ ਮਿਲੇਨੀਅਮ ਮਾਲ ਵਿਚ ਲੱਗੀ ਭਿਆਨਕ ਅੱਗ ਨਾਲ ਘੱਟੋ-ਘੱਟ 250 ਦੁਕਾਨਾਂ ਸੜ ਗਈਆਂ | ਜਿਸ ਨਾਲ ਦੁਕਾਨਦਾਰਾਂ ਨੂੰ ਕਰੋੜਾਂ ਰੁਪਇਆਂ ਦਾ ਵਿੱਤੀ ਨੁਕਸਾਨ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਚਾਅ ਕਰਮਚਾਰੀਆਂ ਦੀਆਂ ਕਈ ਘੰਟਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ | ਬਚਾਅ ਅਧਿਕਾਰੀਆਂ ਅਨੁਸਾਰ ਅੱਗ ਅੱਜ ਸਵੇਰੇ ਤੜਕਸਾਰ ਲੱਗੀ | ਸ਼ੁਰੂਆਤੀ ਜਾਂਚ 'ਚ ਮਾਲ ਦੇ ਪ੍ਰਬੰਧਨ ਦੀ ਲਾਪਰਵਾਹੀ ਅਤੇ ਕੁਝ ਹੋਰ ਕਾਰਨ ਸਾਹਮਣੇ ਆਏ ਹਨ | ਬਚਾਅ ਦਲ 1122 ਦੇ ਇੰਚਾਰਜ ਹਸਨ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਪਹਿਲੀ ਜਾਣਕਾਰੀ ਸਵੇਰੇ 4:06 ਵਜੇ ਮਿਲੀ | ਮਿਲੇਨੀਅਮ ਮਾਲ ਦੇ ਇਕ ਸੁਰੱਖਿਆ ਗਾਰਡ ਨੇ ਫ਼ੋਨ 'ਤੇ ਦੱਸਿਆ ਕਿ ਤੀਜੀ ਮੰਜ਼ਿਲ 'ਤੇ ਕੰਟਰੋਲ ਅਤੇ ਨਿਗਰਾਨੀ ਰੂਮ ਵਿਚ ਸ਼ਾਰਟ ਸਰਕਟ ਕਾਰਨ ਮਾਮੂਲੀ ਧਮਾਕਾ ਹੋਇਆ ਅਤੇ ਇਸ ਕਾਰਨ ਅੱਗ ਲੱਗ ਗਈ |