ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਂਗਣਵਾੜੀ ਕੇਂਦਰਾਂ 'ਤੋਂ ਘਰ ਲੈ ਜਾਣ ਵਾਲੇ ਰਾਸ਼ਨ ਤੇ ਬੱਚਿਆਂ ਦੀ ਹਾਜ਼ਰੀ ਦੀ ਨਿਗਰਾਨੀ ਲਈ ਲਾਜ਼ਮੀ ਚਿਹਰਾ ਪਛਾਣ ਪ੍ਰਣਾਲੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ | ਪਿਛਲੇ ਮਹੀਨੇ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ ਚਿਹਰੇ ਦੀ ਪਛਾਣ ਵਿਸ਼ੇਸ਼ਤਾ ਹੁਣ ਪੋਸ਼ਣ ਟਰੈਕਰ ਐਪਲੀਕੇਸ਼ਨ 'ਤੇ ਲਾਭਪਾਤਰੀ ਦੀ ਪ੍ਰੋਫਾਈਲ ਦੇ ਅੰਦਰ ਪਹੁੰਚਯੋਗ ਹੋਵੇਗੀ | ਲਾਭਪਾਤਰੀਆਂ ਕੋਲ 'ਈ-ਕੇਵਾਈਸੀ' ਅਤੇ ਤਸਵੀਰ ਖਿਚਵਾਉਣ ਲਈ ਟਰੈਕਰ ਦੇ ਨਾਗਰਿਕ ਮਾਡਿਊਲ ਦੀ ਵਰਤੋਂ ਕਰਕੇ ਸਵੈ-ਰਜਿਸਟਰ ਕਰਨ ਦਾ ਵਿਕਲਪ ਵੀ ਹੋਵੇਗਾ | 1 ਜੁਲਾਈ ਤੋਂ, ਆਂਗਣਵਾੜੀ ਕੇਂਦਰਾਂ 'ਚ 3-6 ਸਾਲ ਦੀ ਉਮਰ ਦੇ ਬੱਚਿਆਂ ਲਈ ਹਾਜ਼ਰੀ ਨੂੰ ਚਿੰਨਿ੍ਹਤ ਕਰਨਾ ਅਤੇ ਗਰਮ ਪਕਾਏ ਹੋਏ ਭੋਜਨ ਦੀ ਖਪਤ ਨੂੰ ਰਿਕਾਰਡ ਕਰਨਾ ਲਾਜ਼ਮੀ ਹੋਵੇਗਾ |