ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਵੱਖ-ਵੱਖ ਗਲੋਬਲ ਵਿੱਤੀ ਅਦਾਰਿਆਂ ਅਤੇ ਮੁਲਕਾਂ ਤੋਂ ਕਰਜ਼ਾ ਲੈ ਚੁੱਕੇ ਪਾਕਿਸਤਾਨ ਨੇ ਹੁਣ 1 ਅਰਬ ਡਾਲਰ ਦੀ ਪੰਜ ਸਾਲਾ 'ਸਿੰਡੀਕੇਟਿਡ ਟਰਮ ਫਾਈਨੈਂਸ' 'ਤੇ ਦਸਤਖ਼ਤ ਕੀਤੇ ਹਨ, ਜੋ ਕਿ ਏ. ਡੀ. ਬੀ. (ਏਸ਼ੀਅਨ ਡਿਵੈਲਪਮੈਂਟ ਬੈਂਕ) ਪ੍ਰੋਗਰਾਮ 'ਐਡਵਾਂਸਡ ਰਿਸੋਰਸ ਮੋਬੀਲਾਈਜ਼ੇਸ਼ਨ ਐਂਡ ਯੂਟੀਲਾਈਜ਼ੇਸ਼ਨ ਰਿਫਾਰਮ' ਦੀ ਨੀਤੀ-ਆਧਾਰਿਤ ਗਰੰਟੀ ਦੁਆਰਾ ਅੰਸ਼ਿਕ ਤੌਰ 'ਤੇ ਗਰੰਟੀਸ਼ੁਦਾ ਹੈ | ਇਹ ਪਾਕਿ 'ਚ ਚੱਲ ਰਹੇ ਆਰਥਿਕ ਸੰਕਟ ਦੇ ਵਿਚਕਾਰ ਪ੍ਰਮੁੱਖ ਵਿੱਤਦਾਤਾਵਾਂ ਤੋਂ ਮਜ਼ਬੂਤ ਸਮਰਥਨ ਦਾ ਸੰਕੇਤ ਹੈ | 'ਸਿੰਡੀਕੇਟਿਡ ਟਰਮ ਫਾਈਨੈਂਸ' ਇਕ ਕਿਸਮ ਦਾ ਕਰਜ਼ਾ ਹੈ ਜਿਸ 'ਚ ਦੋ ਜਾਂ ਦੋ ਤੋਂ ਵੱਧ ਬੈਂਕ ਜਾਂ ਵਿੱਤੀ ਸੰਸਥਾਵਾਂ ਮਿਲ ਕੇ ਇਕੋ ਕਰਜ਼ਾ ਲੈਣ ਵਾਲੇ (ਵਿਅਕਤੀਗਤ, ਕੰਪਨੀ ਜਾਂ ਸਰਕਾਰ) ਨੂੰ ਪ੍ਰਦਾਨ ਕਰਦੀਆਂ ਹਨ | ਪਾਕਿ ਵਿੱਤ ਮੰਤਰਾਲੇ ਦੁਆਰਾ ਜਾਰੀ ਬਿਆਨ ਦੇ ਅਨੁਸਾਰ ਇਨ੍ਹਾਂ ਵਿੱਤਦਾਤਾਵਾਂ 'ਚ ਦੁਬਈ ਇਸਲਾਮਿਕ ਬੈਂਕ, ਅਬੂ ਧਾਬੀ ਇਸਲਾਮਿਕ ਬੈਂਕ, ਸ਼ਾਰਜਾਹ ਇਸਲਾਮਿਕ ਬੈਂਕ, ਅਜਮਾਨ ਬੈਂਕ ਅਤੇ ਐੱਚ. ਬੀ. ਐੱਲ. ਸ਼ਾਮਿਲ ਹਨ |