ਝੋਨੇ ਦੀ ਸਿੱਧੀ ਬਿਜਾਈ ਕੀਤੇ ਜਾਣ ਦੇ ਘਟ ਰਹੇ ਰੁਝਾਨ ਨਾਲ ਵੱਡੀ ਮਾਤਰਾ ਧਰਤੀ ਹੇਠਲਾ ਪਾਣੀ ਹੋ ਰਿਹਾ ਬਰਬਾਦ
<br/>
ਬਠਿੰਡਾ, 19 ਜੂਨ (ਵੀਰਪਾਲ ਸਿੰਘ)-ਜੂਨ ਮਹੀਨੇ ਦੇ ਪਹਿਲੇ ਪੰਦ੍ਹਰਵਾੜੇ 'ਚ ਸੂਬੇ ਅੰਦਰ ਝੋਨੇ ਦੀਆਂ ਅਗੇਤੀ ਕਿਸਮਾਂ ਦੀ ਲੁਆਈ ਦਾ ਕੰਮ ਜੌਬਨ 'ਤੇ ਹੋ ਰਿਹਾ ਹੈ | ਸੂਬੇ ਦੇ ਕਿਸਾਨਾਂ ਵਲੋਂ ਇਸ ਝੋਨੇ ਦੇ ਸੀਜ਼ਨ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਫ਼ੀ ਹੱਦ ਤੱਕ ਇਨਕਾਰ ਕੇ ਹੱਥੀਂ ਝੋਨਾ ਲਗਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ | ਸੂਬੇ ਦੇ ਕਿਸਾਨਾਂ ਵਲੋਂ ਪਾਬੰਦੀਸ਼ੁਦਾ ਪੂਸਾ-44 ਅਤੇ ਹੋਰ ਹਾਈਬਿ੍ਡ ਝੋਨੇ ਦੀਆਂ ਕਿਸਮਾਂ ਵੱਡੀ ਮਾਤਰਾ ਵਿਚ ਆਪਣੇ ਖੇਤਾਂ ਵਿਚ ਲਗਾਈਆਂ ਜਾ ਰਹੀਆਂ ਹਨ | ਸੂਬਾ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ 2025 ਦੇ ਝੋਨੇ ਦੇ ਸੀਜ਼ਨ ਵਿਚ ਝੋਨਾ ਲਗਾਉਣ ਦੀ ਤਰੀਕ 2 ਹਫ਼ਤੇ ਪਹਿਲਾਂ ਕਰ ਦਿੱਤੀ ਸੀ | ਝੋਨਾ ਲਗਾਉਣ ਦੀ ਮਿਥੀ ਗਈ ਇਕ ਜੂਨ ਦੀ ਤਾਰੀਕ ਤੋਂ ਕਿਸਾਨਾਂ ਵਲੋਂ ਕੁਝ ਦਿਨ ਪੱਛੜ ਕੇ ਝੋਨੇ ਦੀ ਲੁਆਈ ਦੀ ਸ਼ੁਰੂਆਤ ਕੀਤੀ ਗਈ | ਜੂਨ ਮਹੀਨੇ ਦਾ ਦੂਜਾ ਹਫ਼ਤਾ ਝੋਨੇ ਦੀ ਅਗੇਤੀ ਕਿਸਮਾਂ ਪੂਸਾ ਕਿਸਮ, ਹਾਈਬਿ੍ਡ, ਪੀ.ਆਰ.-112, ਪੀ.ਆਰ.-130, ਪੀ.ਆਰ.-125 ਆਦਿ ਦੀ ਲੁਆਈ ਲਈ ਪੂਰੇ ਜੌਬਨ 'ਤੇ ਰਿਹਾ ਹੈ | ਪੰਜਾਬ ਸਰਕਾਰ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਕਾਫ਼ੀ ਘਟ ਰਹਿ ਗਿਆ ਹੈ | ਪੰਜਾਬ ਵਿਚ 2021-22 ਦੇ ਸੀਜ਼ਨ ਦੌਰਾਨ ਲਗਭਗ 27 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ, ਜਿਸ 'ਚ ਤਕਰੀਬਨ 6 ਲੱਖ ਹੈਕਟੇਅਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ | ਜਿਸ ਨਾਲ ਝੋਨਾ ਲਗਾਉਣ ਲਈ 500 ਕਰੋੜ ਰੁਪਏ ਦੀ ਖੇਤੀ ਲਾਗਤ ਘੱਟ ਹੋਈ ਸੀ ਅਤੇ ਵੱਡੀ ਮਾਤਰਾ ਵਿਚ ਪਾਣੀ ਦੀ ਬੱਚਤ ਵੀ ਹੋਈ ਸੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫ਼ਾਰਸ਼ ਕੀਤੀ ਗਈ ਸੀ | ਕਿਸਾਨ ਭਲਾਈ ਵਿਭਾਗ ਕਈ ਸੇਵਾ ਮੁਕਤ ਖੇਤੀ ਟੈਕਨੋਕਰੇਟਸ ਡਾ. ਦਲੇਰ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਗੁਰਚਰਨ ਸਿੰਘ ਆਦਿ ਵਲੋਂ ਕਿਸਾਨਾਂ ਨੂੰ ਤਜਰਬੇ ਦੇ ਤੌਰ 'ਤੇ 100 ਹੈਕਟੇਅਰ ਝੋਨਾ ਸੂਬੇ ਦੇ ਉੱਦਮੀ ਕਿਸਾਨਾਂ ਦੁਆਰਾ ਬਿਜਾਇਆ ਗਿਆ ਸੀ | ਇਸ ਮੁਹਿੰਮ ਤਹਿਤ ਸੂਬੇ ਦੇ ਕਿਸਾਨਾਂ ਵਲੋਂ 2012 ਵਿਚ 9 ਹਜ਼ਾਰ ਹੈਕਟੇਅਰ ਰਕਬੇ ਵਿਚ ਇਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ | 2015 ਦੇ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਰੁਝਾਨ ਵਿਚ ਤੇਜ਼ੀ ਆਈ | 2015 ਦੇ ਝੋਨੇ ਦੇ ਸੀਜ਼ਨ ਵਿਚ ਸਿੱਧੀ ਬਿਜਾਈ ਹੇਠ ਰਕਬਾ 1 ਲੱਖ 65 ਹਜ਼ਾਰ ਤੋਂ ਪਾਰ ਕਰ ਗਿਆ ਸੀ | ਇਸ ਤੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਘਟਦਾ ਗਿਆ | 2019 ਦੌਰਾਨ ਦੀ ਸਿੱਧੀ ਬਿਜਾਈ ਦਾ ਰਕਬਾ ਘਟ ਕੇ 23,300 ਹੈਕਟੇਅਰ ਤੱਕ ਰਹਿ ਗਿਆ ਸੀ | ਸੂਬੇ ਵਿਚ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ ਕੈਂਪ ਲਗਾਏ ਗਏ | 1500 ਰੁਪਏ ਪ੍ਰਤੀ ਏਕੜ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਣ ਦੇ ਫ਼ੈਸਲੇ ਕਰਨ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ ਕੈਂਪ ਲਗਾਏ ਗਏ | 1500 ਰੁਪਏ ਪ੍ਰਤੀ ਏਕੜ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਣ ਦੇ ਫ਼ੈਸਲੇ ਕਰਨ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਵੱਲ ਬਹੁਤੀ ਦਿਲਚਸਪੀ ਨਹੀਂ ਦਿਖਾਈ ਗਈ, ਜਿਸ ਨਾਲ ਸੂਬੇ ਵਿਚ ਸਿੱਧੀ ਬਿਜਾਈ ਦਾ ਰਕਬਾ ਕਾਫ਼ੀ ਘਟ ਰਹਿ ਗਿਆ ਹੈ | ਝੋਨੇ ਦੀ ਕਾਸ਼ਤ ਕਰਨ ਲਈ ਪੰਜਾਬ ਵਿਚ 12 ਹਜ਼ਾਰ ਤੋਂ 15 ਹਜ਼ਾਰ ਮਿਲੀਲੀਟਰ ਪਾਣੀ ਦੀ ਵਰਤੋਂ ਹੋ ਰਹੀ ਹੈ | ਝੋਨੇ ਲਗਾਉਣ ਮੌਕੇ ਖੇਤਾਂ ਨੂੰ ਕੱਦੂ ਕਰਨ ਲਈ 30 ਫ਼ੀਸਦੀ ਪਾਣੀ ਵਰਤਿਆ ਜਾ ਰਿਹਾ ਹੈ | ਅਨੁਮਾਨ ਮੁਤਾਬਿਕ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੀ ਪਹਿਲੀ ਪਰਤ 20 ਫੁੱਟ ਤੱਕ ਖ਼ਤਮ ਹੋ ਚੁੱਕੀ ਹੈ | ਪਾਣੀ ਦੀ ਦੂਜੀ ਪਰਤ ਲੰਘੇ 10 ਸਾਲਾਂ ਵਿਚ 100 ਤੋਂ 200 ਫੁੱਟ ਤੱਕ ਖ਼ਤਮ ਹੋ ਗਈ | ਸੂਬੇ ਵਿਚ ਧਰਤੀ ਹੇਠਲੇ ਪਾਣੀ ਦੀ ਤੀਜੀ ਪਰਤ ਜੇ 350 ਫੁੱਟ ਡੂੰਘੀ ਹੈ, ਜਿਸ ਦੀ ਵਰਤੋਂ ਝੋਨਾ ਲਗਾਉਣ ਲਈ ਸਿੰਚਾਈ ਦੇ ਤੌਰ 'ਤੇ ਕੀਤੀ ਜਾ ਰਹੀ ਹੈ | ਕਿਸਾਨਾਂ ਵਲੋਂ ਝੋਨੇ ਦੇ ਹਰ ਸੀਜ਼ਨ ਦੌਰਾਨ ਖੇਤੀ ਮੋਟਰਾਂ ਦਾ ਲੋਡ ਵਧਾਉਣ ਅਤੇ ਡੂੰਘੇ ਬੋਰ ਲਗਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ | ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਦਾਅ 'ਤੇ ਲਗਾ ਕੇ ਚੌਲ ਦੀ ਪੈਦਾਵਾਰ ਕਰ ਰਿਹਾ, ਜਦੋਂਕਿ ਪੰਜਾਬ ਵਿਚ ਚੌਲਾਂ ਦੀ ਮੰਗ ਬਹੁਤ ਘੱਟ ਹੈ | ਇਸ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਪੰਜਾਬੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਸੇ ਦਾ ਪਾਣੀ ਸੂਬੇ ਦੀ ਵੱਡੀ ਆਬਾਦੀ ਲੋਕਾਂ ਦਾ ਢਿੱਡ ਭਰਨ ਲਈ ਨਸ਼ਟ ਕਰ ਰਹੇ ਹਨ |