ਬਾਬਾ ਬਕਾਲਾ ਸਾਹਿਬ-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 12ਵੇਂ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਤਰਨਾ ਦਲ ਦੀ ਚੜ੍ਹਦੀ ਕਲਾ ਲਈ ਅਤੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਵਿਚ ਗੁਜਾਰ ਦਿੱਤੀ, ਦਾ ਜਨਮ ਸੰਨ 1892 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਪਿਤਾ ਸ: ਉਜਾਗਰ ਸਿੰਘ ਦੇ ਗ੍ਰਹਿ ਪਿੰਡ ਵਡਾਲਾ ਕਲਾਂ (ਤਹਿਸੀਲ ਬਾਬਾ ਬਕਾਲਾ ਸਾਹਿਬ) ਵਿਖੇ ਹੋਇਆ | ਬਾਬਾ ਬਿਸ਼ਨ ਸਿੰਘ ਨੇ ਜਦੋਂ ਆਪਣੇ ਜੀਵਨ ਵਿਚ ਘਰ ਦਾ ਤਿਆਗ ਕੀਤਾ ਤਾਂ ਕੁਝ ਸਾਲ ਸੰਗਤਾਂ ਨੂੰ ਖੇਤਾਂ ਵਿਚ ਜਲ ਛਕਾਉਣ ਦੀ ਸੇਵਾ ਕਰਦੇ ਰਹੇ | ਜਦੋਂ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਦੀ ਨੀਂਹ ਰੱਖੀ ਤਾਂ ਬਾਬਾ ਜੀ ਸ੍ਰੀ ਭੋਰਾ ਸਾਹਿਬ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ ਹੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਉਸ ਵੇਲੇ ਦੇ ਮੁਖੀ ਬਾਬਾ ਗੁਰਮੁੱਖ ਸਿੰਘ ਦੀ ਸੇਵਾ ਵਿਚ ਜੁਟ ਗਏ | ਬਾਬਾ ਗੁਰਮੁੱਖ ਸਿੰਘ ਦੇ ਸੱਚਖੰਡ ਜਾਣ ਪਿੱਛੋਂ ਸੰਗਤ ਨੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਬਾਬਾ ਸਾਧੂ ਸਿੰਘ ਨੂੰ ਸੌਂਪ ਦਿੱਤੀ | ਜਦੋਂ ਬਾਬਾ ਸਾਧੂ ਸਿੰਘ ਸੱਚਖੰਡ ਜਾ ਬਿਰਾਜੇ ਤਾਂ ਸੰਗਤਾਂ ਨੇ ਪਿੱਛੋਂ 1934 ਈ: ਨੂੰ ਬਾਬਾ ਬਿਸ਼ਨ ਸਿੰਘ ਨੂੰ ਤਰਨਾ ਦਲ ਦਾ ਜਥੇਦਾਰ ਥਾਪ ਦਿੱਤਾ | ਬਿਰਧ ਗਊਆਂ ਦੀ ਰੱਖਿਆ ਅਤੇ ਸੇਵਾ ਸੰਭਾਲ ਬਾਬਾ ਬਿਸ਼ਨ ਸਿੰਘ ਦੇ ਹਿੱਸੇ ਆਈ, ਜੋ ਕਿ ਅੱਜ ਵੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਛਾਉਣੀ ਸਾਹਿਬ ਵਿਖੇ ਸਥਿਤ ਗਊਸ਼ਾਲਾ ਵਿਖੇ ਹਜ਼ਾਰਾਂ ਬਿਰਧ ਗਊਆਂ ਦੀ ਸੇਵਾ ਹੋ ਰਹੀ ਹੈ | ਜ: ਬਾਬਾ ਬਿਸ਼ਨ ਸਿੰਘ ਨੇ 20 ਜੂਨ 1994 ਤੱਕ ਤਰਨਾ ਦਲ ਦੀ ਸੇਵਾ ਨਿਭਾਈ | ਆਪ 20 ਜੂਨ 1994 ਨੂੰ ਸੱਚਖੰਡ ਪਿਆਨਾ ਕਰ ਗਏ | ਬਾਬਾ ਜੀ ਦੀ 31ਵੀਂ ਬਰਸੀ ਤਰਨਾ ਦਲ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ 6ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 20 ਜੂਨ ਨੂੰ ਮਨਾਈ ਜਾ ਰਹੀ ਹੈ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਭਾਰੀ ਧਾਰਮਿਕ ਦੀਵਾਨ ਸਜਣਗੇ, ਜਿਸ ਵਿੱਚ ਪ੍ਰਸਿੱਧ ਰਾਗੀ-ਢਾਡੀ-ਪ੍ਰਚਾਰਕ-ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ | ਵੱਖ ਵੱਖ ਸਿੱਖ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਪੁੱਜਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |
ਸ਼ੇਲਿੰਦਰਜੀਤ ਸਿੰਘ ਰਾਜਨ
ਅੱਜ 31ਵੀਂ ਬਰਸੀ 'ਤੇ ਵਿਸ਼ੇਸ਼ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ <br/>
ਅਜੀਤ ਡੈਸਕ
20-06-2025