ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਾਰੀ ਕੀਤੇ ਹੁਕਮ
<br/>
ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸੂਬੇ ਦੀਆਂ ਸੜਕਾਂ ਦੀ ਅਪਗ੍ਰੇਡਸ਼ਨ ਤੇ ਨਵੀਂ ਉਸਾਰੀ ਨੂੰ ਹੋਰ ਤਰਕਸੰਗਤ ਬਣਾਉਣ ਲਈ ਸੂਬੇ 'ਚ ਟ੍ਰੈਫ਼ਿਕ ਸੈਂਸਸ ਕਰਵਾਉਣ ਦੇ ਹੁਕਮ ਦਿੱਤੇ ਹਨ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੀਆਂ ਸੜਕਾਂ 'ਤੇ 30 ਸਤੰਬਰ 2025 ਤੱਕ ਟ੍ਰੈਫ਼ਿਕ ਸੈਂਸਸ ਨੂੰ ਮੁਕੰਮਲ ਕਰ ਲਿਆ ਜਾਵੇ | ਇਸ ਤੋਂ ਇਲਾਵਾ ਟ੍ਰੈਫ਼ਿਕ ਸੈਂਸਸ ਨਾਲ ਸੰਬੰਧਿਤ ਡਾਟਾ ਰਾਹੀਂ ਸੜਕਾਂ ਦੀ ਨਵੀਂ ਉਸਾਰੀ, ਚੌੜਾ ਕਰਨ ਤੇ ਹੋਰ ਲੋੜੀਂਦੇ ਸੁਧਾਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ, ਜਿਸ ਨਾਲ ਦੁਰਘਟਨਾਵਾਂ ਵਿਚ ਹੁੰਦੇ ਵਡਮੁੱਲੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਵੇਗਾ | ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਲੋਕ ਨਿਰਮਾਣ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੂਬੇ ਦੀਆਂ ਸੜਕ ਅਤੇ ਪੁਲਾਂ ਨੂੰ ਬਿਹਤਰੀਨ ਬਣਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਇਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਸਕੀਮਾਂ ਅਧੀਨ ਤੇ ਵਿਸ਼ੇਸ਼ ਤੌਰ 'ਤੇ ਲਿੰਕ ਸੜਕਾਂ ਬਾਬਤ ਤਜਵੀਜ਼ ਕੀਤੇ ਤੇ ਚੱਲਦੇ ਕੰਮਾਂ ਦਾ ਜਾਇਜ਼ਾ ਲਿਆ | ਹਰਭਜਨ ਸਿੰਘ ਈ. ਟੀ. ਓ. ਨੇ ਪੀ. ਆਰ. ਬੀ. ਡੀ. ਬੀ. ਅਧੀਨ ਚੱਲਦੇ ਹੋਰ ਕੰਮਾਂ ਦਾ ਵਿਸਤਾਰ ਪੂਰਵਕ ਜਾਇਜ਼ਾ ਵੀ ਲਿਆ ਅਤੇ ਕੰਮਾਂ 'ਚ ਆਉਂਦੀਆਂ ਅÏਕੜਾਂ/ਦਿੱਕਤਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ | ਮੀਟਿੰਗ ਦੌਰਾਨ ਮੁੱਖ ਇੰਜੀਨੀਅਰ ਲੋਕ ਨਿਰਮਾਣ ਨੇ ਦੱਸਿਆ ਕਿ ਪੀ. ਐਮ. ਜੀ. ਐਸ. ਵਾਈ. ਸਕੀਮ ਅਧੀਨ ਐਫ਼. ਡੀ. ਆਰ. ਯਾਨੀ ਫੁੱਲ ਡੇਪਥ ਰੇਕਲੇਮੇਸ਼ਨ ਰਾਹੀਂ 581 ਕਿੱਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਦੇ ਟੈਂਡਰ ਮੰਗੇ ਜਾ ਰਹੇ ਹਨ | ਨਾਬਾਰਡ ਸਕੀਮ ਅਧੀਨ 281 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਮੌਜੂਦਾ ਪੇਂਡੂ ਸੜਕਾਂ ਦੀ ਮਜ਼ਬੂਤੀਕਰਨ ਤੇ ਨਵੀਂ ਉਸਾਰੀ ਦੇ ਕੰਮ ਵੀ ਹੱਥ ਵਿਚ ਲਏ ਜਾ ਰਹੇ ਹਨ | ਇਸ ਮੌਕੇ ਲੋਕ ਨਿਰਮਾਣ ਵਿਭਾਗ ਪ੍ਰਬੰਧਕੀ ਸਕੱਤਰ ਰਵੀ ਭਗਤ ਤੇ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਾਮਵੀਰ ਦੇ ਨਾਲ-ਨਾਲ ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ |