17 ਮੋਬਾਈਲ ਫ਼ੋਨ, 6 ਚੈੱਕ ਬੁੱਕਾਂ, 5 ਏ.ਟੀ.ਐਮ ਕਾਰਡ, 1 ਪਾਸਪੋਰਟ ਬਰਾਮਦ
<br/>
ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪੁਲਿਸ ਨੇ 'ਫੇਕ ਟਰੇਡਿੰਗ ਪਲੇਟਫ਼ਾਰਮ ਰਾਹੀ' ਕਰੀਬ 17,93,000/- ਰੁਪਏ ਦੀ ਠੱਗੀ ਮਾਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਗਿਰੋਹ ਦੇ ਮੈਂਬਰਾਂ ਕੋਲੋਂ 17 ਮੋਬਾਈਲ ਫ਼ੋਨ 6 ਵੱਖ-ਵੱਖ ਖਾਤਿਆਂ ਦੀਆਂ ਚੈੱਕ ਬੁੱਕਾਂ, 5 ਏ.ਟੀ.ਐਮ ਕਾਰਡ ਅਤੇ 1 ਪਾਸਪੋਰਟ ਵੀ ਬਰਾਮਦ ਹੋਇਆ ਹੈ | ਐਸ.ਪੀ. (ਐੱਚ) ਸ੍ਰੀ ਦਿਲਪ੍ਰੀਤ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਪ ਕਪਤਾਨ (ਹੋਮੀਸਾਇਡ ਅਤੇ ਫਰੋਸੈਸਿਕ ਸਾਇੰਸ) ਐਸ.ਐੱਚ.ਓ ਸਾਈਬਰ ਇੰਸਪੈਕਟਰ ਹਰਜੀਤ ਕੌਰ ਨੇ ਇਸ ਗਿਰੋਹ ਨੂੰ ਕਾਬੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵਲੋਂ ਕਰਨਵੀਰ ਕਾਂਸਲ ਪੁੱਤਰ ਅਮਿਤ ਕਾਂਸਲ ਵਾਸੀ ਸੁਨਾਮ ਨਾਲ ਵਟਸਐਪ ਗਰੁੱਪ ਰਾਹੀ ਸੰਪਰਕ ਕਰ ਕੇ ਸ਼ੇਅਰ ਮਾਰਕੀਟ ਵਿਚ ਇੰਨਵੈਸਟ ਕਰਵਾਉਣ ਦਾ ਝਾਂਸਾ ਦੇ ਕੇ 17 ਲੱਖ 93 ਹਾਜ਼ਰ ਰੁਪਿਆ ਜਨਵਰੀ 2025 ਤੋਂ ਫਰਵਰੀ 2025 ਤੱਕ ਕਿਸ਼ਤਾਂ ਵਿਚ ਪੈਸੇ ਵੱਖ-ਵੱਖ ਬੈਂਕ ਖਾਤਿਆਂ ਵਿਚ ਪਵਾਏ ਗਏ | ਐਂਜਲ ਪਰੌਅ ਨਾਮ ਦੀ ਐਪ ਰਾਹੀਂ ਪਵਾਏ ਇਨ੍ਹਾਂ ਪੈਸਿਆਂ ਦੇ ਬਾਅਦ ਵਿਚ ਕਰਨਵੀਰ ਕਾਂਸਲ ਨੂੰ 45 ਲੱਖ ਰੁਪਏ ਸੋਅ ਕਰਨ ਦੇ ਮੈਸੇਜ ਆਏ | ਜਦ ਕਰਨਵੀਰ ਕਾਂਸਲ ਨੇ ਐਪ ਵਿਚ ਜਮਾ ਪੈਸਿਆਂ ਵਿਚੋਂ ਕੁੱਝ ਪੈਸੇ ਕਢਵਾਉਣੇ ਚਾਹੇ ਤਾਂ ਉਸ ਨੰੂ ਕਿਹਾ ਗਿਆ ਕਿ 20 ਫ਼ੀਸਦੀ ਰਕਮ ਪਹਿਲਾ ਹੋਰ ਜਮਾ ਕਰਵਾਉਣ ਤਦ ਉਪਰੋਕਤ ਵਿਅਕਤੀ ਨੂੰ ਆਪਣੇ ਨਾਲ ਹੋਏ ਫਰਾਂਡ ਸਬੰਧੀ ਸ਼ੱਕ ਹੋਇਆ | ਉਨ੍ਹਾਂ ਪੁਲਿਸ ਕੋਲ ਦਰਖਾਸਤ ਦਿੱਤੀ ਤਾਂ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਚ 6 ਮਾਰਚ 2025 ਨੂੰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ | ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਰਾਜਾਂ ਵਿਚ ਛਾਪੇਮਾਰੀ ਕੀਤੀ ਅਤੇ ਗਿਰੋਹ ਦੇ 10 ਮੈਂਬਰ ਜਿਨ੍ਹਾਂ ਵਿਚ ਪ੍ਰਵੀਨ ਕੁਮਾਰ ਵਾਸੀ ਸ੍ਰੀ ਗੰਗਾਨਗਰ ਰਾਜਸਥਾਨ, ਰੋਹਿਤ ਕੁਮਾਰ ਵਾਸੀ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ, ਨਿਤੀਸ਼ ਵਾਸੀ ਲੁਧਿਆਣਾ, ਅਹੀਰ ਜੀਵਨ ਭਾਈ ਬਾਬੂ ਭਾਈ ਵਾਸੀ ਜ਼ਿਲ੍ਹਾ ਪਾਟਨ ਗੁਜਰਾਤ, ਪਟੇਲ ਅਕਸੈ ਹਰੀਸ਼ ਕੁਮਾਰ ਵਾਸੀ ਮਹਿਸਾਣਾ ਗੁਜਰਾਤ, ਸਮਿਤ ਰੰਜਨ ਵਾਸੀ ਪਟਨਾ ਬਿਹਾਰ, ਦਿੱਵਿਆ ਪਾਲ ਵਾਸੀ ਮੇਰਠ ਉੱਤਰ ਪ੍ਰਦੇਸ਼, ਸਮੂਨ ਵਾਸੀ ਗਾਜਿਆਬਾਦ ਉੱਤਰ ਪ੍ਰਦੇਸ਼, ਆਕਾਸ਼ ਰਾਜਪੂਤ ਵਾਸੀ ਫ਼ਰੀਦਾਬਾਦ ਹਰਿਆਣਾ, ਦਿਵਿਆਸ਼ੂ ਸਿੰਘ ਵਾਸੀ ਅੰਬੇਡਕਰ ਨਗਰ ਉੱਤਰ ਪ੍ਰਦੇਸ਼ ਨੂੰ ਕਾਬੂ ਕੀਤਾ ਹੈ | ਇਨ੍ਹਾਂ ਵਿਚ ਪ੍ਰਵੀਨ ਕੁਮਾਰ ਅਤੇ ਰੋਹਿਤ ਕੁਮਾਰ ਫ਼ਿਲਹਾਲ ਜੇਲ੍ਹ ਭੇਜ ਦਿੱਤੇ ਗਏ ਹਨ ਬਾਕੀ ਪੁਲਿਸ ਦੀ ਗਿ੍ਫ਼ਤ ਵਿਚ ਹਨ | ਇਸ ਮੌਕੇ ਡੀ.ਐਸ.ਪੀ ਗੁਰਪ੍ਰੀਤ ਸਿੰਘ, ਐਸ.ਐੱਚ.ਓ ਥਾਣਾ ਸਾਈਬਰ ਇੰਸਪੈਕਟਰ ਹਰਜੀਤ ਕੌਰ ਵੀ ਮੌਜੂਦ ਸਨ |