ਮੁੰਬਈ, 19 ਜੂਨ (ਏਜੰਸੀ)- ਏਅਰ ਇੰਡੀਆ ਨੇ ਕਿਹਾ ਕਿ 21 ਜੂਨ ਤੋਂ 15 ਜੁਲਾਈ ਦਰਮਿਆਨ 18 ਅੰਤਰਰਾਸ਼ਟਰੀ ਮਾਰਗਾਂ 'ਤੇ ਉਡਾਣਾਂ ਘੱਟ ਕੀਤੀਆਂ ਜਾਣਗੀਆਂ ਅਤੇ ਤਿੰਨ ਵਿਦੇਸ਼ੀ ਮੰਜ਼ਿਲਾਂ ਨੂੰ ਜਾਣ ਵਾਲੀਆਂ ਉਡਾਣਾਂ ਮੁਅੱਤਲ ਕੀਤੀਆਂ ਜਾਣਗੀਆਂ | ਅਹਿਮਦਾਬਾਦ ਹਾਦਸੇ ਤੋਂ ਬਾਅਦ ਖਾਮੀਆਂ ਨਾਲ ਜੂਝ ਰਹੀ ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੇ ਕਿਹਾ ਕਿ ਇਸ ਦਾ ਉਦੇਸ਼ ਸ਼ਡਿਊਲ ਸਥਿਰਤਾ ਬਹਾਲ ਕਰਨਾ ਅਤੇ ਯਾਤਰੀਆਂ ਨੂੰ ਆਖਰੀ ਸਮੇਂ 'ਚ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨਾ ਹੈ | ਏਅਰਲਾਈਨ ਨੇ ਕਿਹਾ ਕਿ ਇਹ ਕਟੌਤੀ 21 ਜੂਨ ਤੋਂ ਪ੍ਰਭਾਵੀ ਹੋਵੇਗੀ ਤੇ 15 ਜੁਲਾਈ ਤੱਕ ਚੱਲੇਗੀ | ਦਿੱਲੀ-ਨੈਰੋਬੀ, ਅੰਮਿ੍ਤਸਰ-ਲੰਡਨ (ਗੈਟਵਿਕ) ਅਤੇ ਗੋਆ (ਮੋਪਾ)-ਲੰਡਨ (ਗੈਟਵਿਕ) ਉਡਾਣ ਸੇਵਾਵਾਂ 15 ਜੁਲਾਈ ਤੱਕ ਮੁਅੱਤਲ ਰਹਿਣਗੀਆਂ | ਏਅਰਲਾਈਨ ਨੇ ਕਿਹਾ ਕਿ ਦਿੱਲੀ-ਨੈਰੋਬੀ ਮਾਰਗ 'ਤੇ ਹਰੇਕ ਹਫ਼ਤੇ 4 ਉਡਾਣਾਂ ਹਨ, ਜਦੋਂਕਿ ਅੰਮਿ੍ਤਸਰ-ਲੰਡਨ (ਗੈਟਵਿਕ) ਅਤੇ ਗੋਆ (ਮੋਪਾ)-ਲੰਡਨ (ਗੈਟਵਿਕ) ਮਾਰਗਾਂ 'ਤੇ ਹਰੇਕ ਹਫ਼ਤੇ ਤਿੰਨ ਉਡਾਣਾਂ ਚਲਦੀਆਂ ਹਨ | ਇਸ ਤੋਂ ਇਲਾਵਾ ਉਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਤੇ ਦੂਰ ਪੂਰਬ ਦੇ ਸ਼ਹਿਰਾਂ ਨੂੰ ਜੋੜਨ ਵਾਲੇ 18 ਅੰਤਰਰਾਸ਼ਟਰੀ ਮਾਰਗਾਂ 'ਤੇ ਉਡਾਣਾਂ 'ਚ ਕਮੀ ਕੀਤੀ ਜਾਏਗੀ |