ਨਵੀਂ ਦਿੱਲੀ, 19 ਜੂਨ (ਏਜੰਸੀ)-ਭਾਰਤ ਨੇ ਆਪਣੀ ਹਵਾਈ ਸ਼ਕਤੀ ਨੂੰ ਵਧਾਉਣ ਲਈ ਪੰਜਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ਾਂ ਨੂੰ ਵਿਕਸਤ ਕਰਨ ਲਈ ਇਕ ਮਹੱਤਵਪੂਰਨ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਰੱਖਿਆ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਸੰਸਥਾ ਏਅਰੋਨੌਟਿਕਲ ਡਿਵੈਲਪਮੈਂਟ ਏਜੰਸੀ (ਏ.ਡੀ.ਏ.) ਨੇ ਜਹਾਜ਼ ਦੇ ਪ੍ਰੋਟੋਟਾਈਪ ਵਿਕਸਤ ਕਰਨ ਲਈ ਦਿਲਚਸਪੀ ਪ੍ਰਗਟਾਵੇ (ਈ.ਓ.ਆਈ.) ਨੂੰ ਸੱਦਾ ਦਿੱਤਾ ਹੈ | ਪ੍ਰਾਜੈਕਟ ਤਹਿਤ ਸਰਕਾਰ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏ.ਐਮ.ਸੀ.ਏ.) ਦੇ ਪੰਜ ਪ੍ਰੋਟੋਟਾਈਪ ਬਣਾਉਣ ਦੀ ਯੋਜਨਾ ਬਣਾਈ ਗਈ ਹੈ | ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾਉਣ ਲਈ ਐਡਵਾਂਸਡ ਸਟੀਲਥ ਵਿਸ਼ੇਸ਼ਤਾਵਾਂ ਵਾਲੇ ਮੱਧਮ ਭਾਰ ਵਾਲੇ ਪੈਨਿਟ੍ਰੇਸ਼ਨ ਲੜਾਕੂ ਜਹਾਜ਼ ਨੂੰ ਵਿਕਸਤ ਕਰਨ ਲਈ ਏ.ਐਮ.ਸੀ.ਏ. ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ | ਤੇਜਸ ਹਲਕੇ ਲੜਾਕੂ ਜਹਾਜ਼ਾਂ ਦੇ ਨਾਲ ਏ.ਐਮ.ਸੀ.ਏ. ਨੂੰ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਬਣਾਉਣ ਦੀ ਯੋਜਨਾ ਹੈ | ਏ.ਡੀ.ਏ. ਨੇ ਕਿਹਾ ਕਿ ਈ.ਓ.ਆਈ. ਦਾ ਉਦੇਸ਼ ਭਾਰਤੀ ਕੰਪਨੀਆਂ (ਭਾਰਤੀ ਨਾਗਰਿਕਾਂ ਦੀ ਮਲਕੀਅਤ ਅਤੇ ਨਿਯੰਤਰਿਤ ਵਾਲੀਆਂ) ਦੀ ਚੋਣ ਕਰਨੀ ਹੈ, ਜੋ ਤਕਨੀਕੀ ਤੌਰ 'ਤੇ ਏ.ਐਮ.ਸੀ.ਏ. ਪ੍ਰੋਟੋਟਾਈਪ ਬਣਾਉਣ ਦੇ ਸਮਰੱਥ ਹਨ | ਇਕ ਅਧਿਕਾਰਤ ਨੋਟ 'ਚ ਕਿਹਾ ਗਿਆ ਹੈ ਕਿ ਏਅਰੋਸਪੇਸ ਅਤੇ ਰੱਖਿਆ ਖੇਤਰ ਵਿਚ ਤਜਰਬਾ ਰੱਖਣ ਵਾਲੀਆਂ ਅਤੇ ਏ.ਐਮ.ਸੀ.ਏ. ਦੇ ਡਿਜ਼ਾਈਨ ਨੂੰ ਜਜ਼ਬ ਕਰਨ ਦੀ ਸਮਰੱਥਾ ਵਾਲੀਆਂ ਨਾਮਵਰ ਭਾਰਤੀ ਕੰਪਨੀਆਂ ਨੂੰ ਇਸ ਪ੍ਰਾਜੈਕਟ ਲਈ ਚੁਣਿਆ ਜਾਵੇਗਾ | ਚੁਣੀ ਗਈ ਇਕਾਈ ਕੋਲ ਜਹਾਜ਼ ਦੇ ਲੜੀਵਾਰ ਉਤਪਾਦਨ ਲਈ ਇਕ ਨਿਰਮਾਣ ਸਹੂਲਤ ਸਥਾਪਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ | ਏ.ਡੀ.ਏ. ਨੇ ਕਿਹਾ ਕਿ ਏ.ਐਮ.ਸੀ.ਏ. ਦੇ ਵਿਕਾਸ, ਉਡਾਣ ਪ੍ਰੀਖਣ ਅਤੇ ਪ੍ਰਮਾਣੀਕਰਣ ਲਈ ਇਕਰਾਰਨਾਮੇ ਦੀ ਮਿਆਦ ਇਕਰਾਰਨਾਮੇ ਦੀ ਪ੍ਰਭਾਵੀ ਤਰੀਕ ਤੋਂ ਅੱਠ ਸਾਲਾਂ ਤੋਂ ਵੱਧ ਨਹੀਂ ਹੋਵੇਗੀ |
ਭਾਰਤ ਵਲੋਂ 5ਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਪ੍ਰਾਜੈਕਟ 'ਤੇ ਕੰਮ <br/>
ਅਜੀਤ ਡੈਸਕ
20-06-2025