ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਸ਼ਹਿਰ ਦੀ ਮਿਡਵੇਅ ਕਾਲੋਨੀ ਗਲੀ ਨੰਬਰ 2 ਦੇ ਨਿਵਾਸੀ ਇਕ ਕਾਨੂੰਨਗੋ ਨੇ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ | ਪੁਲਿਸ ਨੂੰ ਲਾਸ਼ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਮਿ੍ਤਕ ਨੇ ਕੋਟਕਪੂਰਾ ਦੇ ਤਿੰਨ ਲੋਕਾਂ ਵਲੋਂ ਪੈਸਿਆਂ ਦੀ ਲੈਣ-ਦੇਣ ਨੂੰ ਲੈ ਕੇ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ, ਜਿਸ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਕਾਨੂੰਨਗੋ ਨੇ ਇਹ ਕਦਮ ਚੁੱਕਿਆ | ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਿ੍ਤਕ ਦੀ ਪਤਨੀ ਦੇ ਬਿਆਨ 'ਤੇ ਕੋਟਕਪੂਰਾ ਦੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਸ਼ਿਕਾਇਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਚੱਕ ਬੀੜ ਸਰਕਾਰ ਨੇੜੇ ਮਿਡਵੇਅ ਕਾਲੋਨੀ ਗਲੀ ਨੰਬਰ 2 ਦੀ ਰਹਿਣ ਵਾਲੀ ਕੇਵਲਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਕਾਨੂੰਨਗੋ ਜਸਵਿੰਦਰ ਸਿੰਘ (35) ਨੂੰ ਕੋਟਕਪੂਰਾ ਦੇ ਤਿੰਨ ਲੋਕ ਪੈਸਿਆਂ ਦੀ ਲੈਣ-ਦੇਣ ਨੂੰ ਲੈ ਕੇ ਹਮੇਸ਼ਾ ਪ੍ਰੇਸ਼ਾਨ ਕਰਦੇ ਸਨ ਅਤੇ ਅਕਸਰ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ, ਜਿਸ ਕਰਕੇ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਜਸਵਿੰਦਰ ਸਿੰਘ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਮਿ੍ਤਕ ਕਾਨੂੰਨਗੋ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਇਮਰੋਜ਼ਪ੍ਰੀਤ ਸਿੰਘ ਵਾਸੀ ਦੇਵੀ ਲਾਲ ਰੋਡ ਕੋਟਕਪੂਰਾ, ਰਾਜਵਿੰਦਰ ਸਿੰਘ ਉਰਫ਼ ਲਾਟੂ ਵਾਸੀ ਕੋਟਕਪੂਰਾ ਤੇ ਪਾਲਾ ਵਾਸੀ ਕੋਟਕਪੂਰਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਤਿੰਨੇ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ |