ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਸੰਘਰ ਦੇ ਸ਼ਹਿਦਾਦਪੁਰ 'ਚ ਹਿੰਦੂ ਕਾਰੋਬਾਰੀ ਭਗਵਾਨ ਦਾਸ ਦੀਆਂ ਤਿੰਨ ਧੀਆਂ-ਜੀਆ ਕੁਮਾਰੀ (22 ਸਾਲ), ਦੀਆ ਕੁਮਾਰੀ (20 ਸਾਲ), ਦਿਸ਼ਾ (16 ਸਾਲ) ਸਮੇਤ ਉਨ੍ਹਾਂ ਦੇ ਭਤੀਜੇ ਗਣੇਸ਼ ਅਤੇ ਜੈ ਪ੍ਰਕਾਸ਼ ਦੇ ਪੁੱਤਰ ਵਿਕਾਸ ਨੂੰ ਸਰਫ਼ਰਾਜ਼, ਜ਼ੁਲਫਿਕਾਰ ਅਲੀ ਖਾਸਕੇਲੀ (ਜੋ ਇਕ ਨਿੱਜੀ ਸਕੂਲ ਦਾ ਮਾਲਕ ਹੈ) ਅਤੇ ਫ਼ਰਹਾਨ ਅਲੀ ਖਾਸਕੇਲੀ ਨਾਮੀ ਵਿਅਕਤੀਆਂ ਵਲੋਂ ਬੰਦੂਕ ਦੀ ਨੋਕ 'ਤੇ ਅਗਵਾ ਕਰਕੇ ਕਰਾਚੀ ਲਿਜਾਇਆ ਗਿਆ | ਜਿੱਥੇ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਕਿਸੇ ਤਰ੍ਹਾਂ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਗਿਆ ਅਤੇ ਘਰ ਪਹੁੰਚਣ ਤੋਂ ਬਾਅਦ ਉਸ ਨੇ ਦੱਸਿਆ ਕਿ ਸਰਫ਼ਰਾਜ਼ ਅਤੇ ਉਸ ਦੇ ਸਾਥੀਆਂ ਨੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ | ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੀਆਂ ਔਰਤਾਂ ਨੇ ਪ੍ਰੈੱਸ ਕਲੱਬ ਸ਼ਹਿਦਾਦਪੁਰ ਵਿਖੇ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ | ਹਿੰਦੂ ਪੰਚਾਇਤ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਸੂਬੇ ਦੇ ਹੈਦਰਾਬਾਦ ਸ਼ਹਿਰ ਦੀ ਪੁਲਿਸ ਨੇ ਕਾਰਵਾਈ ਕਰਕੇ ਜੀਆ ਕੁਮਾਰੀ, ਦੀਆ ਕੁਮਾਰੀ, ਦਿਸ਼ਾ ਅਤੇ ਗਣੇਸ਼ ਨੂੰ ਅਗਵਾਕਾਰਾਂ ਦੇ ਕਬਜ਼ੇ 'ਚੋਂ ਛੁਡਵਾ ਲਿਆ | ਹਾਲਾਂਕਿ, ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ |