ਚੰਡੀਗੜ੍ਹ, 20 ਜੂਨ (ਅ.ਬ.)- ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਪ੍ਰਦੇਸ਼ ਭਾਜਪਾ ਇੰਚਾਰਜ ਦੇ ਅਹੁਦੇ 'ਤੇ ਰਹਿੰਦੇ ਹੋਏ ਵਿਜੇ ਰੁਪਾਨੀ ਪਾਰਟੀ ਨੂੰ ਹੋਰ ਅੱਗੇ ਲਿਜਾਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸੀ | ਫਤਹਿਜੰਗ ਬਾਜਵਾ ਅੱਜ ਸਵ. ਰੁਪਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਉਣ ਲਈ ਗਾਂਧੀਨਗਰ ਗਏ ਸਨ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਕੇਂਦਰੀ ਮੰਤਰੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਵੀ ਫਤਹਿਜੰਗ ਸਿੰਘ ਨੇ ਮੁਲਾਕਾਤ ਕੀਤੀ | ਫਤਹਿਜੰਗ ਬਾਜਵਾ ਨੇ ਕਿਹਾ ਕਿ ਰੁਪਾਨੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਸਨ, ਪਰ ਆਪਣੇ ਰਾਜਨੀਤਕ ਜੀਵਨ 'ਚ ਉਹ ਆਮ ਕਾਰਕੁੰਨ ਨਾਲ ਮੁਲਾਕਾਤ ਦੌਰਾਨ ਅਜਿਹਾ ਅਹਿਸਾਸ ਨਹੀਂ ਹੋਣ ਦਿੰਦੇ ਸਨ ਕਿ ਉਹ ਇੰਨੇ ਵੱਡੇ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ | ਪੰਜਾਬ ਦਾ ਇੰਚਾਰਜ ਰਹਿੰਦੇ ਹੋਏ ਉਨ੍ਹਾਂ ਨੇ ਨਵੇਂ-ਪੁਰਾਣੇ ਪਾਰਟੀ ਨੇਤਾਵਾਂ 'ਚ ਤਾਲਮੇਲ ਬਣਾਈ ਰੱਖਿਆ | ਉਨ੍ਹਾਂ ਕਿਹਾ ਕਿ ਗੁਜਰਾਤ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਵਿਜੇ ਰੁਪਾਨੀ ਦੀ ਘਾਟ ਰੜਕੇਗੀ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਆਗੂ ਰੁਪਾਨੀ ਦੇ ਅਨੁਭਵਾਂ ਦੀ ਲਾਭ ਚੁੱਕਣ ਤੋਂ ਵਾਂਝਾ ਹੋ ਗਿਆ ਹੈ | ਉਨ੍ਹਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ |