ਪੁਸ਼ਤਾਂ ਤੋਂ ਜਜ਼ਬਾਤੀ ਤੌਰ 'ਤੇ ਜ਼ਮੀਨਾਂ ਨਾਲ ਜੁੜੇ ਕਰਜ਼ਾਧਾਰਕ ਮਾਲਕਾਨਾ ਹੱਕ ਲਈ ਲਾ ਰਹੇ ਹਨ ਗੁਹਾਰ <br/>
ਅਜੀਤ ਡੈਸਕ
21-06-2025
ਪਟਿਆਲਾ, 20 ਜੂਨ-ਪੁਸ਼ਤ ਦਰ ਪੁਸ਼ਤ, ਖੁਰਚ-ਖੁਰਚ ਕੇ ਬੇਵਾਰਸੀ ਦੇ ਆਲਮ 'ਚ ਡੇਰਿਆਂ ਦੀਆਂ ਬੰਜਰ ਪਈਆਂ ਜ਼ਮੀਨਾਂ ਨੂੰ ਆਬਾਦ ਕਰਕੇ ਜਿਥੇ ਆਪਣੇ ਟੱਬਰ ਪਾਲੇ ਉੱਤੇ ਖੇਤੀਬਾੜੀ ਰਾਹੀਂ ਸੂਬੇ ਨੂੰ ਵਿੱਤੀ ਰੂਪ ਲਾਭ ਦੇ ਕੇ ਅੱਗੇ ਤੋਰਨ ਦੀ ਧਾਰਨਾ ਦੇ ਨਾਲ ਜਿਥੇ ਕਾਸ਼ਤਕਾਰ ਇਸ ਜ਼ਮੀਨ 'ਤੇ ਜਜ਼ਬਾਤੀ ਤੇ ਕਾਨੂੰਨੀ ਹੱਕ ਨਾਲ ਆਪਣਾ ਦਾਅਵਾ ਜਤਾ ਰਹੇ ਹਨ ਉੱਥੇ ਪ੍ਰਸ਼ਾਸਨ ਇਸ ਨੂੰ ਸਰਕਾਰੀ ਜ਼ਮੀਨ ਦੱਸ ਕੇ ਮਾਲਕਾਨਾ ਹੱਕ ਦੇਣ ਤੋਂ ਅਸਮਰਥਤਾ ਜਤਾ ਰਿਹਾ ਹੈ | ਪਟਿਆਲਾ ਰਿਆਸਤ ਦੇ ਨਾਲ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਜਿਥੇ ਰਾਜਿਆਂ ਦਾ ਰਾਜ ਹੁੰਦਾ ਸੀ | ਉਸ ਵੇਲੇ ਦੇ ਸ਼ਾਸਕਾਂ ਨੇ ਪਿੰਡਾਂ 'ਚ ਸਥਾਨਕ ਪੱਧਰ 'ਤੇ ਧਾਰਮਿਕ ਅਤੇ ਸਮਾਜਿਕ ਪ੍ਰਭਾਵ ਨਾਲ ਰਿਆਸਤ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਆਪਣੀ ਰਿਆਸਤ ਪ੍ਰਤੀ ਵਫ਼ਾਦਾਰ ਮੋਹਤਬਰ ਵਿਅਕਤੀਆਂ ਨੂੰ ਜਗੀਰਾਂ ਦੇ ਰੂਪ ਜ਼ਮੀਨ ਦੇ ਕੇ ਡੇਰਿਆਂ ਦੀ ਸਥਾਪਤੀ ਕੀਤੀ ਸੀ | ਇਸ ਉਪਰੰਤ ਹਿੰਦੂ, ਸਿੱਖ ਅਤੇ ਸੂਫ਼ੀ ਸੰਪਰਦਾਵਾਂ ਨਾਲ ਜੁੜੇ ਡੇਰਿਆਂ 'ਚ ਮਹੰਤ ਦੀ ਅਗਵਾਈ ਹੇਠ ਇਨ੍ਹਾਂ ਡੇਰਿਆਂ ਦਾ ਪ੍ਰਬੰਧ ਚਲਾਇਆ ਗਿਆ ਜਿਨ੍ਹਾਂ ਨੂੰ ਸਥਾਨਕ ਪੱਧਰ 'ਤੇ ਲੋੜਵੰਦ ਲੋਕਾਂ ਨੂੰ ਲੰਗਰ, ਸਿੱਖਿਆ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਬੰਦ ਕੀਤਾ ਗਿਆ | ਇਸ ਉਪਰੰਤ ਵੱਡੇ ਪੱਧਰ 'ਤੇ ਮਹੰਤਾਂ ਨੇ ਜ਼ਮੀਨਾਂ ਲਾਵਾਰਸ ਛੱਡ ਦਿੱਤੀਆਂ ਜਾਂ ਅੱਗੇ ਆਪਣੇ ਚਹੇਤਿਆਂ ਨੂੰ ਵਾਹੀ ਲਈ ਦੇ ਦਿੱਤੀਆਂ | ਇਸ ਤੋਂ ਬਾਅਦ ਪਿੰਡਾਂ 'ਚ ਇਹ ਜ਼ਮੀਨਾਂ ਤੇ ਲੋਕ ਨੇ ਘਰ ਬਣਾਏ ਅਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ | ਹੁਣ ਪੁਸ਼ਤਾਂ ਤੋਂ ਇਨ੍ਹਾਂ ਜ਼ਮੀਨਾਂ ਤੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਬਜ਼ ਲੋਕ ਇਸ ਨੂੰ ਆਬਾਦ ਕਰਨ ਅਤੇ ਕਬਜ਼ੇ ਦੇ ਕਾਨੂੰਨੀ ਹੱਕ ਦੀਆਂ ਦਲੀਲਾਂ ਤਹਿਤ ਕਾਨੂੰਨੀ ਹੱਕ ਮੰਗ ਰਹੇ ਹਨ | ਮਾਲ ਵਿਭਾਗ ਪੰਜਾਬ ਦੇ ਅੰਕੜਿਆਂ 'ਚ ਦਿੱਤੇ ਇਕ ਨੋਟ ਮੁਤਾਬਿਕ ਪੰਜਾਬ 'ਚ ਵੱਡੇ ਪੱਧਰ 'ਤੇ ਡੇਰਿਆਂ ਦੀ ਜ਼ਮੀਨ ਹੈ | ਇਸ ਵਿਚ ਦੱਸਿਆ ਗਿਆ ਹੈ ਕਿ ਪਟਿਆਲਾ, ਸੰਗਰੂਰ, ਬਠਿੰਡਾ ਅਤੇ ਕਪੂਰਥਲਾ ਵਿਚ ਇਹ ਜ਼ਮੀਨ ਕਾਫੀ ਜ਼ਿਆਦਾ ਹੈ | ਇਸ ਵਿਚ ਸੰਗਰੂਰ 'ਚ 9700 ਏਕੜ ਅਤੇ ਪਟਿਆਲਾ ਦੇ ਲਗਪਗ 156 ਡੇਰਿਆਂ ਅਧੀਨ 6500 ਏਕੜ ਦੀ ਕਰੀਬ ਜ਼ਮੀਨ ਆਉਂਦੀ ਹੈ | ਪਟਿਆਲਾ ਅਧੀਨ ਪੈਂਦੇ ਪਿੰਡ ਜਾਹਲਾਂ ਵਿਚੋਂ ਉਤਰੀ ਬਾਈਪਾਸ ਨਿਕਲ ਰਿਹਾ ਹੈ ਇਸ ਬਾਈਪਾਸ ਵਿਚ ਡੇਰੇ ਦੀ ਜ਼ਮੀਨ ਨਾਲ ਸੰਬੰਧਿਤ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋਈ ਹੈ ਪਰ ਨੈਸ਼ਨਲ ਹਾਈਵੇਅ ਨੇ ਇਸ ਜ਼ਮੀਨ ਦੇ ਤਹਿ ਮੁੱਲ ਅਨੁਸਾਰ ਬਣਦੀ ਰਕਮ ਅਦਾਲਤ ਦੇ ਖਾਤੇ 'ਚ ਇਸ ਕਰਕੇ ਜਮ੍ਹਾਂ ਕਰਾਈ ਹੈ ਕਿ ਸਰਕਾਰ ਇਸ ਜ਼ਮੀਨ ਦੀ ਮਾਲਕੀ ਇਨ੍ਹਾਂ ਕਿਸਾਨਾਂ ਦੀ ਨਹੀਂ ਬਲਕਿ ਪੰਜਾਬ ਸਰਕਾਰ ਦੀ ਦੱਸ ਰਹੀ ਹੈ ਜਿਸ ਤੋਂ ਬਾਅਦ ਇਸ ਜ਼ਮੀਨ ਨੂੰ ਲੈ ਕੇ ਸਰਕਾਰ ਅਤੇ ਕਾਸ਼ਤਕਾਰ ਵਿਚ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ | ਇਸ ਜ਼ਮੀਨ ਨੂੰ ਲੈ ਕੇ ਆਪਣੀ ਮਾਲਕੀ ਹੱਕ ਜਤਾਉਣ ਵਾਲੇ ਪਿੰਡ ਜਾਹਲਾਂ ਦੇ ਕਿਸਾਨ ਪਰਗਟ ਸਿੰਘ, ਗੁਰਪ੍ਰੀਤ ਸਿੰਘ ਧਾਮੀ, ਰਾਜਿੰਦਰ ਸਿੰਘ ਰਾਜਾ, ਕਾਕਾ ਸਿੰਘ, ਮੱਘਰ ਸਿੰਘ, ਪ੍ਰਕਾਸ਼ ਚੰਦ, ਸਰਬਜੀਤ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ, ਜਗਰੂਪ ਸਿੰਘ {{ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਮੀਨ ਤੇ ਕਾਨੂੰਨਨ ਤੌਰ 'ਤੇ ਮਾਲਕਾਨਾ ਹੱਕ ਬਣਦਾ ਹੈ | ਉਪਰੋਕਤ ਵਿਅਕਤੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਬਜ਼ਾਧਾਰਕ ਨੂੰ ਜਿਵੇਂ ਲਾਲ ਲਕੀਰ ਅੰਦਰ ਆਉਂਦੇ ਕਬਜਾਧਾਰਕਾਂ ਨੂੰ ਮਾਲਕਾਨਾਂ ਹੱਕ ਦੇਣ ਜਾ ਰਹੀ ਹੈ ਓਵੇਂ ਹੀ ਇਨ੍ਹਾਂ ਜ਼ਮੀਨਾਂ ਦੇ ਕਾਸ਼ਤਕਾਰਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ | ਇਸ ਸੰਬੰਧੀ ਜਦੋਂ ਪ੍ਰਸ਼ਾਸਨ ਦਾ ਪੱਖ ਜਾਣਨ ਲਈ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ-ਵਾਰ ਕੋਸ਼ਿਸ਼ ਕਰਨ 'ਤੇ ਕੋਈ ਜਵਾਬ ਨਹੀਂ ਦਿੱਤਾ |