ਫਿਲੌਰ (ਜਲੰਧਰ), 20 ਜੂਨ (ਵਿਪਨ ਗੈਰੀ)-ਨਜ਼ਦੀਕੀ ਪਿੰਡ ਗੜਾ ਦੇ 2 ਬੱਚਿਆਂ ਦੇ ਬਾਪ ਅਤੇ 3 ਭੈਣਾਂ ਦੇ ਇਕਲੌਤੇ ਭਰਾ ਨੇ ਫਾਈਨਾਂਸਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ | ਮਾਮਲਾ ਪਿੰਡ ਗੜਾ ਦਾ ਹੈ ਜਿੱਥੋਂ ਦੇ 40 ਸਾਲਾਂ ਵਿਅਕਤੀ ਕਸ਼ਮੀਰ ਲਾਲ ਪੁੱਤਰ ਜੀਤ ਰਾਮ ਵਲੋਂ ਤੰਗ ਪ੍ਰੇਸ਼ਾਨ ਹੋਣ ਮਗਰੋਂ ਅੱਜ ਆਪਣੀ ਮੌਤ ਦਾ ਖ਼ੁਲਾਸਾ ਸੋਸ਼ਲ ਮੀਡੀਆ 'ਤੇ ਕਰਨ ਮਗਰੋਂ ਜ਼ਹਿਰੀਲੀਆਂ ਗੋਲੀਆਂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਵਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਜਾਰੀ ਕਰ ਦਿੱਤੀ ਸੀ ਜਿਸ ਵਿਚ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਤੇ ਕਿਸ ਤਰ੍ਹਾਂ ਇਕ ਫਾਈਨਾਂਸਰ ਨੇ ਉਸ ਨੂੰ ਲਾਲਚ ਦੇ ਕੇ ਆਪਣੇ ਝਾਂਸੇ ਵਿਚ ਫਸਾ ਕੇ ਉਸ ਦੇ ਰੁਪਏ ਦੁੱਗਣੇ ਕਰਨ ਦਾ ਆਖ ਕੇ ਉਸ ਦੀ ਸਾਰੀ ਉਮਰ ਦੀ ਕਮਾਈ ਲੈ ਲਈ ਅਤੇ ਕੁੱਝ ਹੱਥ ਪੱਲੇ ਨਾ ਪੈਣ ਮਗਰੋਂ ਉਸ ਨੇ ਮੌਤ ਨੂੰ ਗਲੇ ਲਗਾ ਲਿਆ | ਉਕਤ ਮਾਮਲੇ 'ਚ ਮਿ੍ਤਕ ਦੇ ਘਰ ਇਕੱਤਰ ਹੋਏ ਬਸਪਾ ਆਗੂ ਅਤੇ ਬੁੱਧ ਪ੍ਰਕਾਸ਼ ਗੜਾ ਅਤੇ ਦਿਨੇਸ਼ ਝੌਜੜ ਨੇ ਦੱਸਿਆ ਕਿ ਮਿ੍ਤਕ ਉਨ੍ਹਾਂ ਦੀ ਬਸਪਾ ਪਾਰਟੀ ਦਾ ਨਿਧੜਕ ਆਗੂ ਸੀ ਜਿਸ ਨੇ ਇਕ ਫਾਈਨਾਂਸਰ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ ਉਨ੍ਹਾਂ ਨੇ ਦੱਸਿਆ ਕਿ ਫਿਲੌਰ ਪੁਲਿਸ ਵਲ਼ੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਇਕ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ | ਉਕਤ ਮਾਮਲੇ 'ਚ ਡੀ.ਐਸ.ਪੀ. ਫਿਲੌਰ ਨੇ ਦੱਸਿਆ ਕਿ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਜਦ ਕਿ ਹੁਣ ਤੱਕ ਇਕ ਨੂੰ ਕਾਬੂ ਵੀ ਕਰ ਲਿਆ ਗਿਆ ਹੈ |