14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਏਅਰ ਇੰਡੀਆ ਵਲੋਂ 8 ਉਡਾਣਾਂ ਰੱਦ ਬੁਕਿੰਗ 'ਚ 20 ਫ਼ੀਸਦੀ ਦੀ ਗਿਰਾਵਟ

ਅਜੀਤ ਡੈਸਕ 21-06-2025
ਮੁੰਬਈ, 20 ਜੂਨ (ਪੀ. ਟੀ. ਆਈ.)-ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਮੁਰੰਮਤ ਅਤੇ ਸੰਚਾਲਨ ਕਾਰਨਾਂ ਦੇ ਹਵਾਲੇ ਨਾਲ 4 ਕੌਮਾਂਤਰੀ ਸਮੇਤ ਕੁੱਲ 8 ਉਡਾਣਾਂ ਰੱਦ ਕਰ ਦਿੱਤੀਆਂ ਹਨ | ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਇਸ ਦੀ ਕੁੱਲ ਬੁਕਿੰਗ 'ਤੇ ਵੀ ਪ੍ਰਭਾਵ ਪਿਆ ਹੈ, ਜੋ ਕਿ ਲਗਭਗ 20 ਫ਼ੀਸਦੀ ਤੱਕ ਘੱਟ ਚੁੱਕੀ ਹੈ | ਹਾਲਾਂਕਿ, ਏਅਰਲਾਇਨ ਨੇ ਇਸ ਸੰਬੰਧੀ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ | ਉਡਾਣਾਂ ਰੱੱਦ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਉਨ੍ਹਾਂ ਦੀਆਂ ਸੰਬੰਧਿਤ ਮੰਜ਼ਿਲਾਂ 'ਤੇ ਜਲਦੀ ਤੋਂ ਜਲਦੀ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਸ ਨੇ ਯਾਤਰੀਆਂ ਨੂੰ ਟਿਕਟ ਰੱਦ ਕਰਨ ਜਾਂ ਮੁਫਤ 'ਰੀਸ਼ਡਿਊਲਿੰਗ' 'ਤੇ ਪੂਰੇ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਹੈ | ਰੱਦ ਕੀਤੀਆਂ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ 'ਚ ਦੁਬਈ ਤੋਂ ਚੇਨਈ ਲਈ ਏ.ਆਈ.906, ਦਿੱਲੀ ਤੋਂ ਮੈਲਬਰਨ ਲਈ ਏ.ਆਈ.308, ਮੈਲਬਰਨ ਤੋਂ ਦਿੱਲੀ ਲਈ ਏ.ਆਈ.309 ਅਤੇ ਦੁਬਈ ਤੋਂ ਹੈਦਰਾਬਾਦ ਲਈ ਏ.ਆਈ.2204 ਸ਼ਾਮਿਲ ਹਨ | ਏਅਰ ਇੰਡੀਆ ਨੇ ਕਿਹਾ ਕਿ 4 ਘਰੇਲੂ ਉਡਾਣਾਂ- ਪੁਣੇ ਤੋਂ ਦਿੱਲੀ ਲਈ ਏ.ਆਈ.874, ਅਹਿਮਦਾਬਾਦ ਤੋਂ ਦਿੱਲੀ ਲਈ ਏ.ਆਈ.456, ਹੈਦਰਾਬਾਦ ਤੋਂ ਮੁੰਬਈ ਲਈ ਏ.ਆਈ.-2872, ਅਤੇ ਚੇਨਈ ਤੋਂ ਮੁੰਬਈ ਲਈ ਏ.ਆਈ.571 ਰੱਦ ਕਰ ਦਿੱਤੀਆਂ ਗਈਆਂ ਹਨ |
ਮਦੁਰਾਈ ਜਾਣ ਵਾਲੀ ਇੰਡੀਗੋ ਦੀ ਉਡਾਣ ਵਾਪਸ ਪਰਤੀ
ਚੇਨਈ, (ਪੀ.ਟੀ.ਆਈ.)-ਹਵਾਈ ਅੱਡੇ ਦੇ ਅਧਿਕਾਰੀਆਂ ਤੇ ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਹੈ ਕਿ ਮਦੁਰਾਈ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਸ਼ੁੱਕਰਵਾਰ ਨੂੰ ਹਵਾ 'ਚ ਤਕਨੀਕੀ ਖਰਾਬੀ ਦਾ ਸ਼ਿਕਾਰ ਹੋ ਗਈ ਤੇ ਇੱਥੇ ਵਾਪਸ ਆ ਗਈ | ਉਨ੍ਹਾਂ ਕਿਹਾ ਕਿ ਲਗਭਗ ਅੱਧੇ ਘੰਟੇ ਤੱਕ ਉਡਾਣ ਭਰਨ ਤੋਂ ਬਾਅਦ, ਉਡਾਣ ਦੇ ਪਾਇਲਟ ਨੇ ਖਰਾਬੀ ਦਾ ਪਤਾ ਲਗਾਇਆ, ਤੇ ਚੇਨਈ ਵਾਪਸ ਉਡਾਣ ਭਰਨ ਤੇ ਉਤਰਨ ਦੀ ਇਜਾਜ਼ਤ ਮੰਗੀ | ਉਨ੍ਹਾਂ ਕਿਹਾ ਕਿ ਲਗਭਗ 68 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਬਾਅਦ 'ਚ ਸੁਰੱਖਿਅਤ ਇੱਥੇ ਉਤਰਿਆ ਤੇ ਸਾਰੇ ਯਾਤਰੀਆਂ ਨੂੰ ਉਚਿਤ ਸੁਰੱਖਿਆ ਉਪਾਵਾਂ ਦੇ ਨਾਲ ਜਹਾਜ਼ ਤੋਂ ਉਤਾਰ ਦਿੱਤਾ ਗਿਆ |

ਪਿਛਲੀ ਖ਼ਬਰ ਦਿੱਲੀ 'ਚ ਪੁਰਾਣੇ ਵਾਹਨਾਂ ਨੂੰ 1 ਜੁਲਾਈ ਤੋਂ ਨਹੀਂ ਮਿਲੇਗਾ ਤੇਲ <br/> ਅਗਲੀ ਖ਼ਬਰ ਦਿੱਲੀ-ਪੁਣੇ ਉਡਾਣ ਪੰਛੀ ਨਾਲ ਟਕਰਾਈ, ਵਾਪਸੀ ਯਾਤਰਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।