14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੁਧਿਆਣਾ 'ਚ ਉਸਾਰੀ ਅਧੀਨ ਕੁੰਦਨਪੁਰੀ ਪੁਲੀ ਤੋਂ ਲੰਘਦਾ ਬੱਚਾ ਨਾਲੇ 'ਚ ਡਿੱਗਿਆ <br/>

ਅਜੀਤ ਡੈਸਕ 21-06-2025
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੁੰਦਨਪੁਰੀ ਇਲਾਕੇ 'ਚ ਉਸਾਰੀ ਅਧੀਨ ਪੁਲੀ ਤੋਂ ਲੰਘ ਰਹੇ ਇਕ ਬੱਚੇ ਦੇ ਨਾਲੇ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਦੇਰ ਸ਼ਾਮ ਤੱਕ ਪੁਲਿਸ ਅਤੇ ਹੋਰ ਅਮਲੇ ਵਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਪਰ ਬੱਚੇ ਦਾ ਕਿਧਰੇ ਪਤਾ ਨਹੀਂ ਲੱਗਿਆ ਸੀ | ਜਾਣਕਾਰੀ ਅਨੁਸਾਰ ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਕੁੰਦਨਪੁਰੀ ਦੇ ਰਹਿਣ ਵਾਲਾ 10 ਸਾਲ ਦਾ ਆਸਿਕ ਅਨਸਾਰੀ ਪੁੱਤਰ ਮੁਹੰਮਦ ਰਫ਼ੀਕ ਨੂੰ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਘਰ ਦਾ ਸਾਮਾਨ ਲੈਣ ਲਈ ਭੇਜਿਆ ਸੀ, ਜਦੋਂ ਉਹ ਪੁਲ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਾਲੇ ਵਿਚ ਜਾ ਡਿੱਗਾ | ਇਹ ਪੁਲ ਉਸਾਰੀ ਅਧੀਨ ਹੈ ਅਤੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਲੋਕਾਂ ਵਲੋਂ ਲੋਹੇ ਦੀ ਗਾਡਰ ਦੀ ਵਰਤੋਂ ਕੀਤੀ ਜਾ ਰਹੀ ਹੈ | ਜਦੋਂ ਬੱਚਾ ਗਾਡਰ ਤੋਂ ਲੰਘ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ | ਬੱਚੇ ਵਲੋਂ ਰੌਲਾ ਪਾਇਆ ਗਿਆ, ਉੱਥੇ ਮੌਜੂਦ ਲੋਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਜੇ.ਸੀ.ਬੀ. ਮਸ਼ੀਨਾਂ ਰਾਹੀਂ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਦੇਰ ਰਾਤ ਖਬਰ ਲਿਖੇ ਜਾਣ ਤੱਕ ਬੱਚੇ ਦਾ ਪਤਾ ਨਹੀਂ ਲੱਗਿਆ ਸੀ | ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚੇ ਨੂੰ ਲੱਭਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬੱਚਾ ਘਰੋਂ 500 ਰੁਪਏ ਦਾ ਨੋਟ ਲੈ ਕੇ ਸਮਾਨ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਉਸਦਾ ਨੋਟ ਉਥੇ ਡਿੱਗ ਪਿਆ ਅਤੇ ਉਸਦਾ ਧਿਆਨ ਨੋਟ ਨੂੰ ਲੱਭਣ ਵਿਚ ਲੱਗ ਪਿਆ | ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਾਲੇ ਵਿਚ ਜਾ ਡਿੱਗਾ | ਬੱਚੇ ਦਾ ਪਿਤਾ ਕੁੰਦਨਪੁਰੀ ਵਿਚ ਹੀ ਕਢਾਈ ਦਾ ਕੰਮ ਕਰਦਾ ਹੈ ਅਤੇ ਉਸਦੇ ਚਾਰ ਹੋਰ ਬੱਚੇ ਹਨ | ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਬੱਚੇ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਜਥੇਦਾਰ 96 ਕਰੋੜੀ ਵਲੋਂ ਸਿੱਖ ਬੀਬੀ ਮਨਦੀਪ ਕੌਰ ਨੂੰ ਕਰਨਾਟਕਾ ਸੂਬੇ ਦੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਨਿਯੁਕਤ ਕਰਨ... ਅਗਲੀ ਖ਼ਬਰ ਦਿੱਲੀ 'ਚ ਪੁਰਾਣੇ ਵਾਹਨਾਂ ਨੂੰ 1 ਜੁਲਾਈ ਤੋਂ ਨਹੀਂ ਮਿਲੇਗਾ ਤੇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।