ਜਥੇਦਾਰ 96 ਕਰੋੜੀ ਵਲੋਂ ਸਿੱਖ ਬੀਬੀ ਮਨਦੀਪ ਕੌਰ ਨੂੰ ਕਰਨਾਟਕਾ ਸੂਬੇ ਦੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਇਜ਼ਹਾਰ
ਅਜੀਤ ਡੈਸਕ
21-06-2025
ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਰਨਾਟਕਾ ਸਰਕਾਰ ਨੂੰ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਇਕ ਸਿੱਖ ਔਰਤ ਨੂੰ ਪ੍ਰਤੀਨਿਧਤਾ ਦੇਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ | ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਜਥੇਦਾਰ 96 ਕਰੋੜੀ ਨੇ ਕਰਨਾਟਕਾ ਸਰਕਾਰ ਦੇ ਘੱਟ ਗਿਣਤੀ ਭਲਾਈ ਮੰਤਰੀ ਜਨਾਬ ਜ਼ਮੀਰ ਅਹਿਮਦ ਖਾਨ ਨੂੰ ਇਕ ਪੱਤਰ ਲਿਖ ਕੇ ਬਿਦਰ ਤੋਂ ਸਰਦਾਰਨੀ ਮਨਦੀਪ ਕੌਰ ਨੂੰ ਕਰਨਾਟਕ ਰਾਜ ਵਿਚ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲੈਣ 'ਤੇ ਪ੍ਰਸੰਨਤਾ ਜ਼ਾਹਿਰ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਦਾਰਨੀ ਮਨਦੀਪ ਕੌਰ ਦਾ ਸੂਬੇ ਦੇ ਘੱਟ ਗਿਣਤੀ ਕਮਿਸ਼ਨ 'ਚ ਭਾਗੀਦਾਰ ਬਣਨਾ ਔਰਤਾਂ ਅਤੇ ਘੱਟ ਗਿਣਤੀਆਂ ਲਈ ਸ਼ੁੱਭ ਸ਼ਗਨ ਹੈ | ਕਰਨਾਟਕ ਰਾਜ ਵਿਚ ਇਹ ਪਹਿਲਾ ਮੌਕਾ ਹੈ ਕਿ ਜਦ ਕਿਸੇ ਔਰਤ ਨੂੰ ਘੱਟ ਗਿਣਤੀ ਕਮਿਸ਼ਨ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਸਰਦਾਰਨੀ ਮਨਦੀਪ ਕੌਰ ਨੂੰ ਵੀ ਮੈਂਬਰ ਨਿਯੁਕਤ ਹੋਣ 'ਤੇ ਵਧਾਈ ਦਿੱਤੀ |