19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮੌਜੂਦਾ ਚੁਣੌਤੀਆਂ ਦੇ ਟਾਕਰੇ ਲਈ ਪੰਜਾਬ ਤੇ ਪੰਥਪ੍ਰਸਤ ਲੀਡਰਸ਼ਿਪ ਦੀ ਲੋੜ-ਚੰਦੂਮਾਜਰਾ <br/>

ਅਜੀਤ ਡੈਸਕ 22-06-2025

ਜਸਪਾਲ ਸਿੰਘ

ਜਲੰਧਰ, 21 ਜੂਨ-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੂਬੇ ਨੂੰ ਦਰਪੇਸ਼ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਲਈ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਅੱਜ ਪੰਜਾਬ ਰਾਜਨੀਤਕ, ਆਰਥਿਕ, ਸਮਾਜਿਕ ਤੇ ਧਾਰਮਿਕ ਤੌਰ 'ਤੇ ਬੇਹੱਦ ਕਮਜ਼ੋਰ ਹੋਇਆ ਨਜ਼ਰ ਆ ਰਿਹਾ ਹੈ | ਅੱਜ ਇੱਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਸੂਬੇ ਦੇ ਮੌਜੂਦਾ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ | ਗੱਲ ਚਾਹੇ ਦਰਿਆਈ ਪਾਣੀ ਦੀ ਹੋਵੇ ਜਾਂ ਫਿਰ ਭਾਖਡਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਦੀ ਹੋਵੇ ਜਾਂ ਫਿਰ ਬੀ. ਐਸ. ਐਫ. ਦਾ ਘੇਰਾ 50 ਕਿਲੋਮੀਟਰ ਤੱਕ ਵਧਾਏ ਜਾਣ ਦੀ ਹੋਵੇ, ਹਰ ਖੇਤਰ 'ਚ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਸੂਬਿਆਂ ਦੇ ਸੰਘੀ ਢਾਂਚੇ 'ਤੇ ਹਮਲੇ ਕੀਤੇ ਜਾ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕਰਨ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ | ਸੂਬਾ ਸਰਕਾਰ ਪੰਜਾਬ ਨਾਲ ਹੋ ਰਹੇ ਵਿਤਕਰੇ ਤੇ ਧੱਕੇਸ਼ਾਹੀ ਖਿਲਾਫ਼ ਅੱਜ ਤੱਕ ਕੋਈ ਵੀ ਠੋਸ ਵਿਰੋਧ ਪ੍ਰਗਟ ਨਹੀਂ ਕਰ ਸਕੀ ਹੈ ਤੇ ਕੇਵਲ ਪੱਤਰ ਲਿਖਣ ਤੱਕ ਹੀ ਸੀਮਤ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਵੱਡੀ ਤ੍ਰਾਸਦੀ ਹੈ ਕਿ ਅੱਜ ਪੰਜਾਬ ਕੋਲ ਕੋਈ ਵੀ ਅਜਿਹਾ ਕੱਦਾਵਰ ਆਗੂ ਨਹੀਂ ਹੈ, ਜੋ ਪੰਜਾਬ ਨੂੰ ਮੌਜੂਦਾ ਸੰਕਟ ਵਿਚੋਂ ਕੱਢ ਸਕੇ ਤੇ ਸੂਬੇ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਹਿੱਕ ਡਾਹ ਕੇ ਕਰ ਸਕੇ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਲੋਕ ਪੱਖੀ ਤੇ ਪੰਥਕ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਜੇਕਰ ਜਲਦ ਇਸ ਖਲਾਅ ਨੂੰ ਪੂਰਿਆ ਨਾ ਗਿਆ ਤਾਂ ਪੰਜਾਬ ਨੂੰ ਮੰਝਧਾਰ ਵਿਚੋਂ ਕੱਢਣਾ ਹੋਰ ਵੀ ਔਖਾ ਹੋ ਜਾਵੇਗਾ | ਇਸੇ ਰੌਸ਼ਨੀ 'ਚ ਪਿਛਲੇ ਸਾਲ ਦਸੰਬਰ ਮਹੀਨੇ ਸੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਪੰਜ ਮੈਂਬਰੀ ਭਰਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਇਸ ਭਰਤੀ ਕਮੇਟੀ ਨੂੰ ਸੰਗਤ ਵਲੋਂ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ ਤੇ ਜਲਦ ਹੀ ਭਰਤੀ ਕਮੇਟੀ ਵਲੋਂ ਸੂਬੇ ਦੇ ਲੋਕਾਂ ਨੂੰ ਪੰਥ ਪ੍ਰਵਾਨਿਤ ਲੀਡਰਸ਼ਿਪ ਦੇ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ ਕੱਲ੍ਹ <br/> ਅਗਲੀ ਖ਼ਬਰ ਆਈ.ਏ.ਐਸ. ਬਬੀਤਾ ਕਲੇਰ ਦੇ ਸੁਰੱਖਿਆ ਕਰਮੀ ਨੇ ਚਲਾਈ ਗੋਲੀ-ਗੁਆਂਢੀ ਦਾ ਮੈਨੇਜਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।