ਜ਼ਖ਼ਮੀ ਵਿਅਕਤੀ ਨਿੱਜੀ ਹਸਪਤਾਲ 'ਚ ਦਾਖ਼ਲ, ਹਾਲਤ ਗੰਭੀਰ
<br/>
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਸਥਾਨਕ ਨਵੀਂ ਬਾਰਾਂਦਰੀ ਫੇਜ਼-2 'ਚ ਰਹਿੰਦੇ ਆਈ.ਏ.ਐਸ. ਅਧਿਕਾਰੀ ਬਬੀਤਾ ਕਲੇਰ ਦੇ ਸਰਕਾਰੀ ਸੁਰੱਖਿਆ ਕਰਮੀ ਵਲੋਂ ਚਲਾਈ ਗਈ ਗੋਲੀ ਨਾਲ ਗੁਆਂਢੀ ਪਲਾਟ ਮਾਲਕ ਕਾਰੋਬਾਰੀ ਸੁਲੱਖਣ ਸਿੰਘ ਕੰਗ ਦਾ ਮੈਨੇਜਰ ਹਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ | ਸੁਲੱਖਣ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਆਈ.ਏ.ਐਸ. ਬਬਿਤਾ ਕਲੇਰ ਦੇ ਨਾਲ ਦਾ ਪਲਾਟ ਉਨ੍ਹਾਂ ਕਰੀਬ 10 ਸਾਲ ਪਹਿਲਾਂ ਖਰੀਦਿਆ ਸੀ | ਉਹ ਆਪਣੇ ਪਲਾਟ 'ਚ ਉਸਾਰੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ਅੱਜ ਪਲਾਟ 'ਚ ਭਰਤੀ ਪਾਉਣ ਲਈ ਮਿੱਟੀ ਦੀਆਂ ਟਰਾਲੀਆਂ ਭੇਜੀਆਂ ਸਨ, ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਮੈਨੇਜਰ ਹਰਪ੍ਰੀਤ ਸਿੰਘ ਵੀ ਪਲਾਟ 'ਚ ਆਇਆ ਹੋਇਆ ਸੀ | ਜਦੋਂ ਉਨ੍ਹਾਂ ਦੇ ਮੁਲਾਜ਼ਮਾਂ ਨੇ ਪਹਿਲੀ ਟਰਾਲੀ ਪਲਾਟ 'ਚ ਸੁੱਟੀ ਤਾਂ ਗੁਆਂਢ 'ਚ ਰਹਿੰਦੇ ਆਈ.ਏ.ਐਸ. ਅਧਿਕਾਰੀ ਬਬਿਤਾ ਕਲੇਰ ਦੇ ਪਤੀ ਆਮ ਆਦਮੀ ਪਾਰਟੀ ਦੇ ਆਗੂ ਸਟੀਫ਼ਨ ਕਲੇਰ ਨੇ ਉਨ੍ਹਾਂ ਨੂੰ ਪਲਾਟ 'ਚ ਮਿੱਟੀ ਪਾਉਣ ਤੋਂ ਰੋਕਿਆ | ਜਦੋਂ ਉਨ੍ਹਾਂ ਦੇ ਮੁਲਾਜ਼ਮ ਦੂਸਰੀ ਵਾਰ ਮਿੱਟੀ ਦੀ ਟਰਾਲੀ ਲੈ ਕੇ ਪਹੁੰਚੇ ਤਾਂ ਸਟੀਫ਼ਨ ਕਲੇਰ ਨੇ ਉਨ੍ਹਾਂ ਦਾ ਫਿਰ ਤੋਂ ਵਿਰੋਧ ਕੀਤਾ | ਮੁਲਾਜ਼ਮਾਂ ਵਲੋਂ ਸੂਚਿਤ ਕਰਨ 'ਤੇ ਉਨ੍ਹਾਂ ਸਟੀਫ਼ਨ ਕਲੇਰ ਨਾਲ ਫੋਨ 'ਤੇ ਗੱਲ ਕਰਕੇ ਦੱਸਿਆ ਕਿ ਉਹ ਆਪਣੇ ਪਲਾਟ 'ਚ ਭਰਤੀ ਪਵਾਉਣ ਲੱਗੇ ਹਨ | ਸ. ਕੰਗ ਨੇ ਕਿਹਾ ਕਿ ਇਸ ਦੌਰਾਨ ਸਟੀਫ਼ਨ ਕਲੇਰ ਵਲੋਂ ਉਨ੍ਹਾਂ ਨਾਲ ਵਿਵਾਦ ਕੀਤਾ ਗਿਆ, ਜਦੋਂ ਉਨ੍ਹਾਂ ਫੋਨ ਬੰਦ ਕਰ ਦਿੱਤਾ, ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸਟੀਫ਼ਨ ਕਲੇਰ ਦੇ ਕਹਿਣ 'ਤੇ ਉਸ ਦੀ ਪਤਨੀ ਬਬਿਤਾ ਕਲੇਰ ਦੇ ਸਰਕਾਰੀ ਸੁਰੱਖਿਆ ਕਰਮੀ ਨੇ ਹਰਪ੍ਰੀਤ ਸਿੰਘ 'ਤੇ ਗੋਲੀ ਚਲਾ ਦਿੱਤੀ ਹੈ, ਜੋ ਉਸ ਦੀਆਂ ਦੋਵੇਂ ਲੱਤਾਂ 'ਚੋਂ ਆਰ-ਪਾਰ ਹੋ ਗਈ ਹੈ | ਮੁਲਾਜ਼ਮਾਂ ਨੇ ਦੱਸਿਆ ਕਿ ਉਹ ਗੰਭੀਰ ਹਾਲਤ 'ਚ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਕੇ ਜਾ ਰਹੇ ਹਨ | ਸ. ਕੰਗ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕਰ ਰਹੇ ਹਨ |
ਸੁਰੱਖਿਆ ਕਰਮੀ ਨੇ ਸਵੈ-ਰੱਖਿਆ 'ਚ ਚਲਾਈ ਗੋਲੀ-ਸਟੀਫ਼ਨ ਕਲੇਰ
ਘਟਨਾ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਟੀਫ਼ਨ ਕਲੇਰ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਹਨ | ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀ ਉਨ੍ਹਾਂ ਦੀ ਕੋਠੀ ਦੇ ਨਾਲ ਵਾਲੇ ਖਾਲੀ ਪਲਾਟ 'ਚ ਸਮਾਨ ਸੁੱਟਣ ਆਏ ਸਨ | ਉਨ੍ਹਾਂ ਵਲੋਂ ਵਿਅਕਤੀਆਂ ਨੂੰ ਕਿਹਾ ਗਿਆ ਕਿ ਉਹ ਪਲਾਟ ਦੇ ਮਾਲਕ ਤੋਂ ਬਿਨਾ ਉੱਥੇ ਕੋਈ ਸਾਮਾਨ ਨਾ ਸੁੱਟ ਕੇ ਜਾਣ, ਜਿਸ ਤੋਂ ਬਾਅਦ ਉਹ ਆਪਣੇ ਘਰ ਦੇ ਅੰਦਰ ਚਲੇ ਗਏ | ਸਟੀਫ਼ਨ ਕਲੇਰ ਨੇ ਦਾਅਵਾ ਕੀਤਾ, ਕਿ ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੇ ਸਰਕਾਰੀ ਸੁਰੱਖਿਆ ਕਰਮੀ ਸੁੱਖਕਰਨ ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਕ ਹਥਿਆਰਬੰਦ ਵਿਅਕਤੀ ਉਸ ਦੇ ਨਾਲ ਉਲਝਿਆ ਸੀ, ਜਿਸ ਕਰਕੇ ਉਸ ਨੇ ਸਵੈ-ਰੱਖਿਆ ਲਈ ਉਸ 'ਤੇ ਗੋਲੀ ਚਲਾਈ ਹੈ |
ਸੁਰੱਖਿਆ ਕਰਮੀ ਗਿ੍ਫ਼ਤਾਰ, ਕੀਤੀ ਜਾ ਰਹੀ ਹੈ ਕਾਨੂੰਨੀ ਕਾਰਵਾਈ-ਏ.ਡੀ.ਸੀ.ਪੀ.
ਘਟਨਾ ਦਾ ਪਤਾ ਲਗਦੇ ਹੀ ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ, ਏ.ਸੀ.ਪੀ.(ਮਾਡਲ ਟਾਊਨ) ਰੂਪਦੀਪ ਕੌਰ, ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਰਮੇਸ਼ ਕੁਮਾਰ ਅਤੇ ਥਾਣਾ ਡਵੀਜ਼ਨ ਨੰਬਰ 6 ਦੇ ਮੁਖੀ ਅਜਾਇਬ ਸਿੰਘ ਔਜਲਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਏ.ਡੀ.ਸੀ.ਪੀ. ਗਿੱਲ ਨੇ ਕਿਹਾ ਕਿ ਫਿਲਹਾਲ ਸੁਰੱਖਿਆ ਕਰਮੀ ਸੁੱਖਕਰਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵਲੋਂ ਪੀੜਤ ਹਰਪ੍ਰੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਡਾਕਟਰੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |