ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਦੀ ਅਪਰਾਧ ਸ਼ਾਖਾ ਵਲੋਂ ਗਲਤ ਦਸਤਾਵੇਜ਼ ਤਸਦੀਕ ਕਰਨ ਦੇ ਮਾਮਲੇ ਨੂੰ ਲੈ ਕੇ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਤੇ ਤਿੰਨ ਰੀਅਲ ਅਸਟੇਟ ਕਾਰੋਬਾਰੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਇਨ੍ਹਾਂ 'ਚ ਸੇਵਾ ਮੁਕਤ ਨਾਇਬ ਤਹਿਸੀਲਦਾਰ ਤਰਸੇਮ ਮਿੱਤਲ ਮੋਹਤੀਆਜ ਰਾਇਲ ਅਸਟੇਟ ਪ੍ਰਾਈਵੇਟ ਲਿਮਟਿਡ ਮਨੀ ਮਾਜਰਾ ਦੇ ਡਾਇਰੈਕਟਰ ਪ੍ਰਵੀਨ ਕਾਂਸਲ ਨੀਰਜ ਕਾਸਲ ਇੰਦੂ ਕਾਸਲ ਪਤਨੀ ਨੀਰਜ ਕਾਸਲ ਵਾਸੀ ਮਨੀ ਮਾਜਰਾ ਸ਼ਾਮਿਲ ਹਨ | ਵਿਜੀਲੈਂਸ ਬਿਊਰੋ ਵਲੋਂ ਇਹ ਕਾਰਵਾਈ ਜਾਂਚ ਦੇ ਅਧਾਰ 'ਤੇ ਅਮਲ ਵਿਚ ਲਿਆਂਦੀ ਹੈ | ਵਿਜੀਲੈਂਸ ਵਲੋਂ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਕਤ ਕਥਿਤ ਦੋਸ਼ੀ ਸੇਵਾ ਮੁਕਤ ਨਾਇਬ ਤਹਿਸੀਲਦਾਰ ਨੇ ਕੁਝ ਸਾਲ ਪਹਿਲਾਂ ਉਕਤ ਕਥਿਤ ਦੋਸ਼ੀਆਂ ਰੀਅਲ ਅਸਟੇਟ ਕਾਰੋਬਾਰੀ ਨੂੰ ਫਾਇਦਾ ਪਹੁੰਚਾਉਣ ਖਾਤਰ ਤਰਤੀਮਾ ਰਜਿਸਟਰੀਆਂ ਤਸਦੀਕ ਕਰ ਦਿੱਤੀਆਂ ਜੋ ਕਿ ਕਾਨੂੰਨ ਮੁਤਾਬਿਕ ਗਲਤ ਸਨ | ਇਹ ਵਸੀਕੇ ਖਰੜ ਤਹਿਸੀਲ ਦੇ ਦਫਤਰ ਵਿਚ ਦਰਜ ਕੀਤੇ ਗਏ ਸਨ | ਇਨ੍ਹਾਂ ਤਰਤੀਮਾ ਰਜਿਸਟਰੀਆਂ ਵਿਚ ਕਥਿਤ ਦੋਸ਼ੀ ਨਾਇਬ ਤਹਿਸੀਲਦਾਰ ਵਲੋਂ ਮਾਲਕੀ ਹੀ ਤਬਦੀਲ ਕਰ ਦਿੱਤੀ ਗਈ | ਜਦਕਿ ਕਾਨੂੰਨ ਮੁਤਾਬਿਕ ਅਜਿਹਾ ਨਹੀਂ ਹੋ ਸਕਦਾ | ਬੀਤੇ ਦਿਨ ਇਸ ਦੀ ਜਾਂਚ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ ਅਤੇ ਜਾਂਚ ਉਪਰੰਤ ਇਹ ਮਾਮਲਾ ਦਰਜ ਕੀਤਾ ਗਿਆ | ਹਾਲ ਦੀ ਘੜੀ ਕੋਈ ਵੀ ਵਿਜੀਲੈਂਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ | ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |