19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਤੋਂ ਟਾਲਾ ਵੱਟਿਆ ਲਹਿਰਾ ਮੁਹੱਬਤ ਤੇ ਰੋਪੜ ਆਪ ਤਾਪ ਘਰਾਂ ਅੰਦਰ ਸੇਵਾ ਮੁਕਤ ਹੋਏ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਮੁੜ ਨੌਕਰੀ 'ਤੇ ਲਾਇਆ <br/>

ਅਜੀਤ ਡੈਸਕ 22-06-2025
ਨਰਪਿੰਦਰ ਸਿੰਘ ਧਾਲੀਵਾਲ

ਰਾਮਪੁਰਾ ਫੂਲ (ਬਠਿੰਡਾ), 21 ਜੂਨ-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ | ਪਾਵਰਕਾਮ ਅੰਦਰ ਮੁਲਾਜ਼ਮਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਪਿਛਲੇ ਕਈ ਸਾਲਾਂ ਅੰਦਰ ਪਾਵਰਕਾਮ 'ਚ ਲਗਭਗ ਪੰਜ ਹਜ਼ਾਰ ਮੁਲਾਜ਼ਮ ਭਰਤੀ ਕਰਨ ਵਿਚ ਹੀ ਸਫ਼ਲ ਹੋ ਸਕੀ ਹੈ, ਜਦਕਿ ਪਿਛਲੇ ਸਮਿਆਂ ਅੰਦਰ 40 ਹਜ਼ਾਰ ਤੋਂ ਵੱਧ ਅਸਾਮੀਆਂ ਨੂੰ ਖਤਮ ਕੀਤਾ ਜਾ ਚੁੱਕਿਆ ਹੈ | ਇਸ ਵੇਲੇ ਵਿਭਾਗ ਅੰਦਰ ਮਹਿਜ਼ ਲਗਭਗ 32ਕੁ ਹਜ਼ਾਰ ਮੁਲਾਜ਼ਮ ਹੀ ਕੰਮ ਕਰ ਰਹੇ ਹਨ | ਇਹ ਵੀ ਕਿ ਸਰਕਾਰੀ ਤਾਪ ਘਰਾਂ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟ ਅੰਦਰ ਪਹਿਲਾਂ ਹੀ ਹਜ਼ਾਰਾਂ ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਤੇ ਹੁਣ ਇਨ੍ਹਾਂ ਤਾਪ ਘਰਾਂ ਅੰਦਰ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਮੁੜ ਨੌਕਰੀ 'ਤੇ ਭਰਤੀ ਕਰਕੇ ਕੰਮ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਾਈਵੇਟ ਖੇਤਰ ਦੇ ਖਰੀਦੇ ਗਏ ਥਰਮਲ ਗੋਇੰਦਵਾਲ ਸਾਹਿਬ ਵਿਖੇ ਵੀ ਨਵੇਂ ਸਟਾਫ਼ ਦੀ ਭਰਤੀ ਨਹੀਂ ਕੀਤੀ ਗਈ ਤੇ ਇਧਰੋਂ-ਉਧਰੋਂ ਹੀ ਬੁੱਤਾ ਸਾਰ ਕੇ ਥਰਮਲ ਨੂੰ ਚਲਾਉਣ ਦੀਆਂ ਕਨਸੋਆਂ ਹਨ | ਇਹ ਵੀ ਕਿ ਪਾਵਰਕਾਮ ਵਲੋਂ ਕਰਵਾਏ ਜਾਂਦੇ ਠੇਕੇਦਾਰ ਪ੍ਰਣਾਲੀ ਰਾਹੀਂ ਕੰਮਾਂ ਦੀ ਗੁਣਵੱਤਾ ਬੇਹੱਦ ਮਾੜੀ ਹੋਣ ਦੇ ਬਾਵਜੂਦ ਪਾਵਰਕਾਮ ਮੈਨੇਜਮੈਂਟ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਜਦਕਿ ਇਨ੍ਹਾਂ ਕਾਰਨਾਂ ਦੇ ਚੱਲਦਿਆਂ ਜਿੱਥੇ ਖ਼ਪਤਕਾਰਾਂ ਨੂੰ ਵੱਡੇ ਨੁਕਸਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਪਾਵਰਕਾਮ ਨੂੰ ਵੀ ਆਰਥਿਕ ਤੌਰ 'ਤੇ ਵੱਡੀ ਸੱਟ ਵੱਜ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਥਰਮਲ ਪਲਾਂਟ ਅੰਦਰ ਕੰਪਨੀ ਸੈਕਟਰੀ ਵਲੋਂ ਵੱਖ-ਵੱਖ ਪੱਤਰਾਂ ਰਾਹੀਂ ਹਰੀ ਓਮ ਨੂੰ ਡੈਸਕ ਕੰਟਰੋਲਰ, ਰਣਜੀਤ ਸਿੰਘ ਤੇ ਬਰਦਾਨੀ ਲਾਲ ਨੂੰ ਟੀ ਜੀ-2 ਮਕੈਨੀਕਲ, ਭਗਵਾਨ ਸਿੰਘ, ਬਲੌਰ ਸਿੰਘ ਨੂੰ ਸਬ-ਫਾਇਰ ਅਫ਼ਸਰ, ਨੈਬ ਸਿੰਘ, ਆਤਮਾ ਰਾਮ ਨੂੰ ਲੀਡਿੰਗ ਫਾਇਰਮੈਨ ਤੇ ਸਿਕੰਦਰ ਸਿੰਘ ਨੂੰ ਫ਼ਾਇਰ ਅਫ਼ਸਰ ਵਜੋਂ 20 ਜੂਨ 2025 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ | ਇਨ੍ਹਾਂ ਕਰਮਚਾਰੀਆਂ 'ਚੋਂ ਬਹੁਤੇ ਸਾਲ 2023 ਵਿਚ ਸੇਵਾਮੁਕਤ ਹੋ ਚੁੱਕੇ ਹਨ | ਇਨ੍ਹਾਂ ਨੂੰ ਪਾਵਰਕਾਮ ਵਲੋਂ 17,500 ਰੁਪਏ ਪ੍ਰਤੀ ਮਹੀਨਾ ਉਕਾ ਪੁੱਕਾ ਤਨਖਾਹ ਦਿੱਤੀ ਜਾਣੀ ਹੈ, ਇਸੇ ਤਰ੍ਹਾਂ ਰੋਪੜ ਥਰਮਲ ਪਲਾਂਟ ਅੰਦਰ ਵੱਡੀ ਗਿਣਤੀ ਮੁਲਾਜ਼ਮ ਉਕਤ ਪ੍ਰਣਾਲੀ ਅਧੀਨ ਰੱਖੇ ਜਾ ਚੁੱਕੇ ਹਨ | ਇਨ੍ਹਾਂ ਕਰਮਚਾਰੀਆਂ ਨੂੰ ਰੱਖਣ ਲਈ ਬੋਰਡ ਆਫ਼ ਡਾਇਰੈਕਟਰ ਵਲੋਂ ਬਕਾਇਦਾ ਮਨਜ਼ੂਰੀ ਦਿੱਤੀ ਜਾਂਦੀ ਹੈ ਭਾਵੇਂ ਕਿ ਸੂਬੇ ਦੇ ਖ਼ਪਤਕਾਰਾਂ ਦੀ ਗਿਣਤੀ ਇਕ ਕਰੋੜ ਤੇ ਟਿਊਬ ਵੈਲਾਂ ਦੀ ਗਿਣਤੀ 14.5 ਲੱਖ ਤੋਂ ਵੱਧ ਗਈ ਹੈ ਅਤੇ ਵੱਡੇ ਪੱਧਰ 'ਤੇ ਹੋ ਰਹੀ ਚੋਰੀ ਕਾਰਨ ਲੋਡ ਵੀ ਸਮਰੱਥਾ ਤੋਂ ਜ਼ਿਆਦਾ ਚੱਲ ਰਿਹਾ ਹੈ ਪਰ ਤਕਨੀਕੀ ਮੁਲਾਜ਼ਮਾਂ ਦੀ ਗਿਣਤੀ ਕੰਮ ਦੇ ਹਿਸਾਬ ਨਾਲ ਬਹੁਤ ਥੋੜ੍ਹੀ ਰਹਿ ਗਈ ਹੈ | ਦੱਸਣਾ ਬਣਦਾ ਹੈ ਕਿ ਸੂਬੇ ਅੰਦਰ 6600 ਪੇਂਡੂ ਅਤੇ 4400 ਸ਼ਹਿਰੀ ਫੀਡਰ ਹਨ | ਇਹ ਵੀ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਰਾਤ ਸਮੇਂ ਟਰਾਂਸਫਾਰਮਰਾਂ ਤੋਂ ਉਡਦੇ ਫਿਊਜ਼ਾਂ ਨੂੰ ਲਗਾਉਣ ਲਈ ਵੀ ਮੁਲਾਜ਼ਮ ਨਹੀਂ ਹਨ | ਕੰਮ ਦੇ ਬੋਝ ਕਾਰਨ ਮੌਜੂਦਾ ਮੁਲਾਜ਼ਮ ਭਾਰੀ ਮਾਨਸਿਕ ਤਣਾਅ ਮਹਿਸੂਸ ਕਰ ਰਹੇ ਹਨ, ਕਿਉਂ ਜੋ ਗਰਮੀ ਦੇ ਪ੍ਰਕੋਪ ਕਾਰਨ ਤੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਦੇ ਅੰਕੜੇ ਨੂੰ ਵੀ ਪਾਰ ਗਈ ਹੈ ਤੇ ਅਜਿਹੇ ਹਾਲਤ ਵਿਚ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣਾ ਕਠਿਨ ਕਾਰਜ ਹੈ | ਸੂਤਰਾਂ ਦਾ ਤਾਂ ਇਹ ਵੀ ਦਾਅਵਾ ਹੈ ਕਿ ਸੂਬੇ ਅੰਦਰ ਬਿਜਲੀ ਦੀ ਚੋਰੀ 3500 ਕਰੋੜ ਦੇ ਅੰਕੜੇ ਨੂੰ ਛੂਹ ਕਰ ਗਈ ਹੈ ਤੇ ਪਾਵਰਕਾਮ ਵਲੋਂ ਵੰਡੀਆਂ ਗਈਆਂ ਮੁਫਤ ਰਿਉੜੀਆਂ ਕਾਰਨ ਪਾਵਰਕਾਮ ਦੀ ਵਿੱਤੀ ਹਾਲਤ ਡਾਗਮਗਾਈ ਹੋਈ ਹੈ | ਪਾਵਰਕਾਮ ਵਲੋਂ ਠੇਕੇ ਤੇ ਰੱਖੇ ਗਏ ਮੁਲਾਜ਼ਮ ਪਹਿਲਾਂ ਹੀ ਸੰਘਰਸ਼ ਦੇ ਰਾਹ ਪਏ ਹੋਏ ਹਨ ਤੇ ਸਰਕਾਰ ਨੇ ਹੁਣ ਸੇਵਾ ਮੁਕਤ ਮੁਲਾਜ਼ਮਾਂ ਨੂੰ ਮੁੜ ਨੌਕਰੀ ਤੇ ਰੱਖਣ ਦਾ ਨਵਾਂ ਤਰੀਕਾ ਲੱਭ ਲਿਆ ਹੈ ਇਸ ਤੋਂ ਪਹਿਲਾਂ ਮਾਲ ਵਿਭਾਗ ਅੰਦਰ ਵੀ ਸੈਂਕੜੇ ਪਟਵਾਰੀਆਂ ਨੂੰ 35000 ਉੱਕਾ ਪੁੱਕਾ ਤਨਖਾਹ 'ਤੇ ਰੱਖਿਆ ਹੋਇਆ ਹੈ ਜਿਸ ਕਾਰਨ ਨੌਜਵਾਨ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੁੱਧੀਜੀਵੀ ਵਰਗ ਦੀ ਮੰਗ ਹੈ ਕਿ ਸਰਕਾਰ ਵੱਖ-ਵੱਖ ਵਿਭਾਗਾਂ ਅੰਦਰ ਖ਼ਤਮ ਕੀਤੀਆਂ ਅਸਾਮੀਆਂ ਦੀ ਪੁਨ ਸੁਰਜੀਤੀ ਕਰੇ ਤੇ ਨੌਜਵਾਨਾਂ ਲਈ ਪੱਕੀ ਨੌਕਰੀ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਪਿਛਲੇ ਦਹਾਕਿਆਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਤੇ ਉਹ ਆਪਣਾ ਡਿਊਟੀ ਪ੍ਰਤੀ ਫ਼ਰਜ਼ ਸੰਜੀਦਗੀ ਨਾਲ ਨਿਭਾ ਸਕਣ |

ਪਿਛਲੀ ਖ਼ਬਰ ਸਾਲ ਦੇ ਸਭ ਤੋਂ ਲੰਬੇ ਦਿਨ ਨੇ ਮਨੁੱਖ ਤੇ ਰੁੱਖ ਪਾਏ ਸੁੱਕਣੇ • ਵਧਦੀ ਗਰਮੀ ਨਾਲ ਫ਼ਸਲੀ ਚੱਕਰ ਪ੍ਰਭਾਵਿਤ • ਸਰਕਾਰਾਂ ਵ... ਅਗਲੀ ਖ਼ਬਰ ਗਲਤ ਦਸਤਾਵੇਜ਼ ਤਸਦੀਕ ਕਰਨ ਦੇ ਮਾਮਲੇ 'ਚ ਸੇਵਾ ਮੁਕਤ ਨਾਇਬ ਤਹਿਸੀਲਦਾਰ ਤੇ ਰੀਅਲ ਅਸਟੇਟ ਕਾਰੋਬਾਰੀਆਂ ਖਿਲਾਫ਼ ਕੇਸ ਦਰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।