• 1338 ਸਿਰਫ਼ ਅੰਮਿ੍ਤਸਰ ਨਾਲ ਸੰਬੰਧਿਤ • ਅਦਾਲਤ ਨੇ ਡੀ.ਜੀ.ਪੀ. ਤੋਂ ਮੰਗੀ ਤਾਜ਼ਾ ਸਟੇਟਸ ਰਿਪੋਰਟ
<br/>
ਚੰਡੀਗੜ੍ਹ, 22 ਜੂਨ (ਸੰਦੀਪ ਕੁਮਾਰ ਮਾਹਨਾ) ਪੰਜਾਬ 'ਚ ਪਿਛਲੇ 3 ਸਾਲਾਂ ਤੋਂ ਵੱਧ ਸਮੇਂ ਤੋਂ 4591 ਐਫ਼.ਆਈ.ਆਰ. ਦੀ ਜਾਂਚ ਲੰਬਿਤ ਪਈ ਹੈ | ਇਨ੍ਹਾਂ 'ਚ ਸਭ ਤੋਂ ਵੱਧ 1338 ਐਫ਼.ਆਈ.ਆਰ. ਸਿਰਫ਼ ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ ਹਨ | ਇਹ ਜਾਣਕਾਰੀ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਿੱਤੀ | ਇਨ੍ਹਾਂ ਐਫ਼.ਆਈ.ਆਰ. ਦੀ ਜਾਂਚ 3 ਸਾਲਾਂ ਤੋਂ ਵੱਧ ਸਮੇਂ ਤੋਂ ਅਧੂਰੀ ਪਈ ਹੈ, ਜਿਸ ਦੇ ਚੱਲਦਿਆਂ ਹਜ਼ਾਰਾਂ ਦੋਸ਼ੀ ਫ਼ਰਾਰ ਚੱਲ ਰਹੇ ਹਨ | ਜਸਟਿਸ ਐਨ.ਐਸ. ਸ਼ੇਖਾਵਤ ਦੀ ਬੈਂਚ ਅੱਗੇ ਪੇਸ਼ ਹੋਏ ਸੂਬੇ ਦੇ ਵਕੀਲ ਨੇ ਦੱਸਿਆ ਕਿ ਲੰਬਿਤ ਪਈਆਂ 6054 ਐਫ਼.ਆਈ.ਆਰ. ਵਿਚੋਂ 1463 'ਚ ਚਾਰਜਸ਼ੀਟ, ਰੱਦ ਕਰਨ ਜਾਂ 'ਅਨਟ੍ਰੇਸਡ' ਰਿਪੋਰਟ ਅਦਾਲਤ ਵਿਚ ਦਾਖਲ ਕੀਤੀ ਜਾ ਚੁੱਕੀ ਹੈ | ਉਨ੍ਹਾਂ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਲੰਬਿਤ 4591 ਮਾਮਲਿਆਂ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਜਾਂਚ ਜਲਦ ਪੂਰੀ ਹੋ ਜਾਵੇ | ਅਦਾਲਤ ਨੇ ਡੀ.ਜੀ.ਪੀ. ਵਲੋਂ ਦਾਇਰ ਇਕ ਹਲਫ਼ਨਾਮੇ ਨੂੰ ਵੀ ਰਿਕਾਰਡ 'ਤੇ ਲਿਆ ਹੈ, ਜੋ ਕਿ 2 ਅਪ੍ਰੈਲ ਨੂੰ ਜਾਰੀ ਆਦੇਸ਼ ਦੀ ਪਾਲਣਾ ਤਹਿਤ ਦਾਖਲ ਕੀਤਾ ਗਿਆ ਸੀ | ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਵੇਗੀ, ਜਿਸ ਦੇ ਲਈ ਅਦਾਲਤ ਨੇ ਡੀ.ਜੀ.ਪੀ. ਤੋਂ ਤਾਜ਼ਾ ਸਟੇਟਸ ਰਿਪੋਰਟ ਮੰਗੀ ਹੈ | ਇਸ ਤੋਂ ਪਹਿਲਾਂ ਸੁਣਵਾਈ 'ਚ ਜਸਟਿਸ ਸ਼ੇਖਾਵਤ ਨੇ ਕਿਹਾ ਸੀ ਕਿ 2013 'ਚ ਦਰਜ਼ ਮਾਮਲਿਆਂ ਦੀ ਜਾਂਚ ਹੁਣ ਤੱਕ ਲੰਬਿਤ ਹੈ | ਕਈ ਮਾਮਲਿਆਂ 'ਚ ਜਾਂਚ ਅਧਿਕਾਰੀਆਂ ਦੀਆਂ ਫ਼ਾਈਲਾਂ 10 ਸਾਲਾਂ ਤੋਂ ਲਾਪਤਾ ਹਨ ਤੇ ਕਿਹਾ ਗਿਆ ਹੈ ਕਿ ਉਹ ਫ਼ਾਈਲਾਂ ਹੁਣ ਦੁਬਾਰਾ ਬਣਾਈਆਂ ਜਾ ਰਹੀਆਂ ਹਨ |