ਨਵੀਂ ਦਿੱਲੀ, 22 ਜੂਨ (ਪੀ. ਟੀ. ਆਈ.)-ਅਮਰੀਕਾ ਵਲੋਂ ਈਰਾਨ 'ਤੇ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ 'ਚ ਤਣਾਅ ਵਧਣ ਦੀ ਸੰਭਾਵਨਾ ਹੈ | ਇਸਦਾ ਤੇਲ ਦੀਆਂ ਕੀਮਤਾਂ 'ਤੇ ਸਿੱਧਾ ਅਸਰ ਪਵੇਗਾ | ਹਾਲਾਂਕਿ, ਭਾਰਤ ਨੇ ਪਹਿਲਾਂ ਹੀ ਸਥਿਤੀ ਨੂੰ ਸਮਝ ਲਿਆ ਅਤੇ ਰਣਨੀਤੀ ਵਜੋਂ ਰੂਸ ਤੇ ਅਮਰੀਕਾ ਤੋਂ ਕੱਚੇ ਤੇਲ ਦੀ ਦਰਾਮਦ ਵਧਾ ਦਿੱਤੀ | ਭਾਰਤ ਨੇ ਜੂਨ ਦੇ ਮਹੀਨੇ 'ਚ ਰੂਸ ਤੋਂ ਇੰਨਾ ਤੇਲ ਖਰੀਦਿਆ ਹੈ, ਜੋ ਕਿ ਪੱਛਮੀ ਏਸ਼ੀਆ ਤੇ ਖਾੜੀ ਦੇਸ਼ਾਂ ਤੋਂ ਖਰੀਦੇ ਗਏ ਕੁੱਲ ਕੱਚੇ ਤੇਲ ਤੋਂ ਵੱਧ ਹੈ | ਗਲੋਬਲ ਟਰੇਡ ਐਨਾਲਿਸਟ ਫਰਮ ਕੈਪਲਰ ਦੇ ਅੰਕੜਿਆਂ ਅਨੁਸਾਰ ਭਾਰਤ ਨੇ ਜੂਨ ਦੇ ਮਹੀਨੇ 'ਚ ਰੂਸ ਤੋਂ 20-22 ਲੱਖ ਬੈਰਲ ਪ੍ਰਤੀ ਦਿਨ ਦੀ ਦਰ ਨਾਲ ਕੱਚਾ ਤੇਲ ਖਰੀਦਿਆ ਹੈ | ਇਹ ਪਿਛਲੇ 2 ਸਾਲਾਂ 'ਚ ਸਭ ਤੋਂ ਵੱਧ ਹੈ | ਮਈ ਦੇ ਮਹੀਨੇ 'ਚ ਭਾਰਤ ਨੇ ਰੂਸ ਤੋਂ ਲਗਭਗ 11 ਲੱਖ ਬੈਰਲ ਪ੍ਰਤੀ ਦਿਨ ਦੀ ਦਰ ਨਾਲ ਕੱਚਾ ਤੇਲ ਖਰੀਦਿਆ | ਪਹਿਲਾਂ ਭਾਰਤ ਆਪਣੀ ਤੇਲ ਦੀ ਜ਼ਰੂਰਤ ਦਾ ਸਿਰਫ ਇਕ ਫ਼ੀਸਦ ਰੂਸ ਤੋਂ ਦਰਾਮਦ ਕਰਦਾ ਸੀ, ਪਰ ਹੁਣ ਇਸ 'ਚ ਭਾਰੀ ਵਾਧਾ ਹੋਇਆ ਹੈ ਤੇ ਹੁਣ ਭਾਰਤ ਆਪਣੇ ਕੁੱਲ ਤੇਲ ਦਰਾਮਦ ਦਾ 40-44 ਫ਼ੀਸਦ ਰੂਸ ਤੋਂ ਦਰਾਮਦ ਕਰਦਾ ਹੈ |