ਸ੍ਰੀਨਗਰ, 22 ਜੂਨ (ਪੀ. ਟੀ. ਆਈ.)-ਇਕ ਵੱਡੀ ਸਫਲਤਾ 'ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਐਨ.ਆਈ.ਏ. ਦੇ ਅਨੁਸਾਰ 2 ਵਿਅਕਤੀਆਂ ਬਟਕੋਟ ਤੋਂ ਪਰਵੇਜ਼ ਅਹਿਮਦ ਜੋਥਰ ਅਤੇ ਪਹਿਲਗਾਮ ਦੇ ਹਿੱਲ ਪਾਰਕ ਦੇ ਬਸ਼ੀਰ ਅਹਿਮਦ ਜੋਥਰ ਨੇ ਹਮਲੇ 'ਚ ਸ਼ਾਮਿਲ 3 ਹਥਿਆਰਬੰਦ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ | ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐਲ.ਈ.ਟੀ.) ਨਾਲ ਜੁੜੇ ਪਾਕਿਸਤਾਨੀ ਨਾਗਰਿਕ ਸਨ | ਪਰਵੇਜ਼ ਤੇ ਬਸ਼ੀਰ ਨੇ ਹਮਲੇ ਤੋਂ ਪਹਿਲਾਂ ਹਿੱਲ ਪਾਰਕ ਵਿਖੇ ਇਕ ਝੌਂਪੜੀ 'ਚ ਜਾਣਬੁੱਝ ਕੇ 3 ਹਥਿਆਰਬੰਦ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ | ਇਨ੍ਹਾਂ ਦੋਵਾਂ ਵਿਅਕਤੀਆਂ ਨੇ ਅੱਤਵਾਦੀਆਂ ਨੂੰ ਭੋਜਨ, ਆਸਰਾ ਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ, ਜਿਨ੍ਹਾਂ ਨੇ 22 ਅਪ੍ਰੈਲ ਨੂੰ ਸੈਲਾਨੀਆਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਆਧਾਰ 'ਤੇ ਚੋਣਵੇਂ ਤੌਰ 'ਤੇ ਮਾਰ ਦਿੱਤਾ, ਜਿਸ ਨਾਲ ਇਹ ਹੁਣ ਤੱਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿੱਚੋਂ ਇਕ ਬਣ ਗਿਆ | ਐਨ.ਆਈ.ਏ. ਨੇ ਦੋਵਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀ ਧਾਰਾ 19 ਦੇ ਤਹਿਤ ਗਿ੍ਫ਼ਤਾਰ ਕੀਤਾ ਹੈ | ਹੋਰ ਜਾਂਚ ਜਾਰੀ ਹੈ |