ਕਿਹਾ, ਪਾਕਿ ਦੇ ਲੋਕਾਂ ਨਾਲ ਨਹੀਂ ਹੋ ਸਕਦਾ ਇਸ ਤੋਂ ਵੱਡਾ ਵਿਸ਼ਵਾਸਘਾਤ
<br/>
ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਨਾਰਵੇ ਦੀ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੂੰ ਇਹ ਪੁਰਸਕਾਰ ਦੇਣ ਬਾਰੇ ਰਸਮੀ ਤੌਰ 'ਤੇ ਪੱਤਰ ਭੇਜਣ ਦੇ ਐਲਾਨ ਤੋਂ ਬਾਅਦ ਪਾਕਿਸਤਾਨੀ ਮੀਡੀਆ ਦੁਆਰਾ ਫਟਕਾਰ ਲਗਾਈ ਜਾ ਰਹੀ ਹੈ | ਇਸ ਦੇ ਮੱਦੇਨਜ਼ਰ ਇਕ ਪਾਕਿਸਤਾਨੀ ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਾਕਿ ਸਰਕਾਰ ਦਾ 'ਮਾਲਕ' ਦੱਸਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ 'ਪਾਕਿਸਤਾਨੀਓ, ਸਾਵਧਾਨ ਰਹੋ! ਈਰਾਨ 'ਤੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾ ਸਿਰਫ਼ ਰਾਸ਼ਟਰਪਤੀ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਸਕਦੇ ਹਨ, ਸਗੋਂ ਉਨ੍ਹਾਂ ਨੂੰ ਤਮਗਾ-ਏ-ਜੁਰਾਤ (ਹਿੰਮਤ ਦਾ ਤਗਮਾ), ਤਮਗਾ-ਏ-ਸ਼ੁਜਾਤ (ਬਹਾਦਰੀ ਦਾ ਤਗਮਾ), ਤਮਗਾ-ਏ-ਬਸਲਾਤ, ਤਮਗਾ-ਏ-ਇਮਤਿਆਜ਼ (ਉੱਤਮਤਾ ਦਾ ਤਗਮਾ) ਅਤੇ ਸ਼ਾਇਦ ਨਿਸ਼ਾਨ-ਏ-ਹੈਦਰ (ਪਾਕਿ ਦਾ ਸਭ ਤੋਂ ਉੱਚਾ ਫ਼ੌਜੀ ਸਨਮਾਨ) ਵੀ ਪ੍ਰਦਾਨ ਕਰ ਸਕਦੇ ਹਨ | ਪਾਕਿਸਤਾਨੀ ਪੱਤਰਕਾਰ ਅਮੀਰ ਅੱਬਾਸ ਨੇ ਕਿਹਾ ਕਿ ਉਹੀ ਟਰੰਪ ਜਿਸ ਦੀ ਤੁਲਨਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੀਨੀਅਰ ਨੇਤਾ ਖ਼ਵਾਜਾ ਸਾਦ ਰਫ਼ੀਕ ਨੇ ਇਕ ਵਾਰ ਚੰਗੇਜ਼ ਖਾਨ ਅਤੇ ਹਿਟਲਰ ਨਾਲ ਕੀਤੀ ਸੀ, ਬੀਤੇ ਦਿਨ ਉਸੇ ਪਾਰਟੀ ਦੀ ਸਰਕਾਰ ਨੇ ਉਸ 'ਚੰਗੇਜ਼ ਖਾਨ' ਅਤੇ 'ਹਿਟਲਰ' ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ | ਅਜਿਹੇ ਸ਼ਰਮਨਾਕ ਅਤੇ ਕਾਇਰਤਾਪੂਰਨ ਫ਼ੈਸਲਿਆਂ ਨੂੰ ਕੌਣ ਚਲਾ ਰਿਹਾ ਹੈ? ਇਕ ਹੋਰ ਪੱਤਰਕਾਰ ਨੇ ਲਿਖਿਆ ਕਿ ਨਵਾਜ਼ ਸ਼ਰੀਫ਼ ਅਤੇ ਆਸਿਫ਼ ਜ਼ਰਦਾਰੀ ਵਿਦੇਸ਼ੀ ਸ਼ਕਤੀਆਂ ਨੂੰ ਖ਼ੁਸ਼ ਕਰਨ ਲਈ ਕਿਸ ਹੱਦ ਤੱਕ ਜਾਣਗੇ | ਰਾਜਨੀਤਿਕ ਵਿਸ਼ਲੇਸ਼ਕ ਅਤੇ ਕਾਲਮਨਵੀਸ ਰਫ਼ੀਕ ਅੱਬਾਸੀ ਨੇ ਲਿਖਿਆ ਕਿ ਪਾਕਿ ਸਰਕਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇਨਾਮ ਲਈ ਨਾਮਜ਼ਦ ਕਰ ਸਕਦੀ ਸੀ, ਪਰ ਸ਼ੁਕਰ ਹੈ ਕਿ ਟਰੰਪ ਲਈ ਸਹਿਮਤ ਹੋ ਗਈ | ਇਹ ਵੀ ਸੰਭਵ ਹੈ ਕਿ ਨੇਤਨਯਾਹੂ ਨੂੰ ਅਗਲੀ ਸ਼੍ਰੇਣੀ ਲਈ ਚੁਣਿਆ ਗਿਆ ਹੋਵੇ | ਪੱਤਰਕਾਰ ਜ਼ਰਜੀਸ ਅਹਿਮਦ ਨੇ ਕਿਹਾ ਕਿ ਅਸੀਂ ਫ਼ਿਲਸਤੀਨੀਆਂ ਦੇ ਕਤਲੇਆਮ 'ਚ ਸ਼ਾਮਿਲ ਕਿਸੇ ਵਿਅਕਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਸਿਫ਼ਾਰਸ਼ ਕਰ ਰਹੇ ਹਾਂ, ਅਤੇ ਨਾਲ ਹੀ ਅਸੀਂ ਈਰਾਨ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦੇ ਹਾਂ | ਇਹ ਕਿੰਨਾ ਉੱਚ ਪੱਧਰ ਦਾ ਪਖੰਡ ਹੈ | ਮੇਜਰ (ਰਿਟਾਇਰਡ) ਅਸੀਮ ਨੇ ਫ਼ੌਜੀ ਸਥਾਪਨਾ 'ਤੇ ਆਪਣੀ ਮਰਜ਼ੀ ਨਾਲ ਫ਼ੈਸਲੇ ਲੈਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੇਸ਼ ਦੇ 'ਅਣਪਛਾਤੇ ਰਾਜੇ' ਜਦੋਂ ਵੀ ਚਾਹੁਣ ਰਾਸ਼ਟਰ ਨੂੰ ਵੇਚਣ ਲਈ ਤਿਆਰ ਹੋ ਜਾਂਦੇ ਹਨ | ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਆਮਿਰ ਖਾਨ ਨੇ ਕਿਹਾ ਕਿ ਮੁਸਲਮਾਨਾਂ ਦੇ ਕਤਲੇਆਮ ਲਈ ਜ਼ਿੰਮੇਵਾਰ 'ਅੱਤਵਾਦੀ' ਡੋਨਾਲਡ ਟਰੰਪ ਨੂੰ ਸ਼ਾਹਬਾਜ਼ ਸ਼ਰੀਫ਼, ਆਸਿਫ਼ ਜ਼ਰਦਾਰੀ, ਨਵਾਜ਼ ਸ਼ਰੀਫ਼ ਅਤੇ ਅਸੀਮ ਮੁਨੀਰ ਨੇ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ | ਮੁਸਲਮਾਨਾਂ ਅਤੇ ਪਾਕਿਸਤਾਨ ਦੇ ਲੋਕਾਂ ਨਾਲ ਇਸ ਤੋਂ ਵੱਡਾ ਵਿਸ਼ਵਾਸਘਾਤ ਕੀ ਹੋ ਸਕਦਾ ਹੈ | ਉਨ੍ਹਾਂ ਨੂੰ ਦੇਸ਼ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ |