ਅਕਸਰ ਇਕ ਦੂਜੇ 'ਤੇ ਘਪਲੇ ਦੇ ਦੋਸ਼ ਲਾਉਂਦੇ ਰਹਿੰਦੇ ਹਨ ਕਿਸਾਨ ਆਗੂ
<br/>
ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ)- ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਸ਼ੰਭੂ ਸਰਹੱਦ 'ਤੇ ਚਲਾਏ ਸਭ ਤੋਂ ਲੰਬੇ 401 ਦਿਨਾਂ ਦੇ ਕਿਸਾਨ ਅੰਦੋਲਨ ਦਾ ਲੇਖ ਜੋਖਾ ਜਨਤਕ ਕੀਤੇ ਜਾਣ ਤੋਂ ਬਾਅਦ ਹੁਣ ਇਹ ਸਵਾਲ ਆਮ ਕਿਸਾਨਾਂ ਵਿਚ ਉੱਠਣ ਲੱਗਾ ਹੈ ਕਿ ਕੀ ਹੋਰ ਜਥੇਬੰਦੀਆਂ ਜਾ ਮੋਰਚੇ ਵੀ ਇਸ ਤਰ੍ਹਾਂ ਅੰਦੋਲਨਾਂ ਵਿਚ ਇਕੱਠੇ ਹੋਏ ਫ਼ੰਡਾਂ ਅਤੇ ਖ਼ਰਚਿਆ ਦਾ ਲੇਖਾ ਜੋਖਾ ਜਨਤਕ ਕਰਨਗੇ | ਲੰਘੇ ਚਾਰ ਪੰਜ ਸਾਲਾਂ ਦੇ ਕਿਸਾਨ ਅੰਦੋਲਨਾਂ ਵੱਲ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਪੱਧਰਾਂ 'ਤੇ ਜਾ ਫਿਰ ਸੂਬਾ ਪੱਧਰ 'ਤੇ ਕਿਸਾਨੀ ਮੰਗਾਂ ਲਈ ਕਿਸਾਨ ਜਥੇਬੰਦੀਆਂ ਅਕਸਰ ਸੰਘਰਸ਼ ਕਰਦਿਆਂ ਰਹਿੰਦੀਆਂ ਹਨ ਪਰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੇ ਗਏ ਸੰਘਰਸ਼ ਵਿਚ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆ 450 ਦੇ ਕਰੀਬ ਜਥੇਬੰਦੀਆਂ ਸ਼ਾਮਿਲ ਹੋਈਆਂ | 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਅੰਦੋਲਨ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਏ | ਕਿਸਾਨੀ ਸੰਘਰਸ਼ ਦੇ ਵਧਦੇ ਜੋਸ਼ ਨੂੰ ਦੇਖਦਿਆਂ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਜਿਸ ਤੋਂ ਬਾਅਦ 11 ਦਸੰਬਰ 2021 ਨੂੰ ਇਹ ਦਿੱਲੀ ਕਿਸਾਨ ਅੰਦੋਲਨ-1 ਨੂੰ ਵਾਪਸ ਲੈ ਲਿਆ ਗਿਆ | ਇਸ ਅੰਦੋਲਨ ਦੌਰਾਨ ਜਿੱਥੇ ਵੱਡੇ ਖ਼ਰਚੇ ਹੋਏ ਉਥੇ ਫ਼ੰਡ ਵੀ ਇਕੱਠੇ ਹੋਏ | ਇਸ ਤੋਂ ਬਾਅਦ ਦਿੱਲੀ ਕਿਸਾਨ ਅੰਦੋਲਨ-2 13 ਫਰਵਰੀ 2024 ਤੋਂ ਸ਼ੁਰੂ ਹੋਇਆ ਜਿਸ ਦੀ ਅਗਵਾਈ ਕਿਸਾਨ ਮਜ਼ਦੂਰ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਵਲੋਂ ਕੀਤੀ ਗਈ | ਕਿਸਾਨ ਮਜ਼ਦੂਰ ਮੋਰਚੇ ਵਲੋਂ ਸ਼ੰਭੂ ਸਰਹੱਦ 'ਤੇ ਸ਼ਾਂਤਮਈ ਅੰਦੋਲਨ ਚਲਾਇਆ ਗਿਆ ਜਦੋਂਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਖਨੌਰੀ ਸਰਹੱਦ 'ਤੇ ਮੋਰਚਾ ਸੰਭਾਲਿਆ ਹੋਇਆ ਸੀ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਸਨ ਪਰ ਇਨ੍ਹਾਂ ਦੋਵਾਂ ਕਿਸਾਨ ਮੋਰਚਿਆਂ ਨੂੰ ਪੰਜਾਬ ਸਰਕਾਰ ਨੇ 19 ਮਾਰਚ 2025 ਨੂੰ ਸਮਾਪਤ ਕਰਵਾ ਦਿੱਤਾ | ਹੁਣ ਤਾਜਾ ਘਟਨਾਕ੍ਰਮ ਵਿਚ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਸਰਹੱਦ 'ਤੇ 401 ਦਿਨ ਚੱਲੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਜਨਤਕ ਕੀਤਾ ਹੈ ਤਾਂ ਇਹ ਸਵਾਲ ਆਮ ਚਰਚਾ ਵਿਚ ਹੈ ਕਿ ਕੀ ਹੋਰ ਕਿਸਾਨ ਜਥੇਬੰਦੀਆਂ ਵੀ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਜਨਤਕ ਕਰਨਗੀਆਂ ਕਿਉਂਕਿ ਕਿਸਾਨ ਆਗੂ ਇਕ ਦੂਜੇ 'ਤੇ ਅਕਸਰ ਘਪਲੇ ਦੇ ਦੋਸ਼ ਲਗਾਉਂਦੇ ਰਹਿੰਦੇ ਹਨ |