4 ਬੰਗਲਾਦੇਸ਼ੀ ਨਾਗਰਿਕ ਵਾਪਸ ਭੱਜਣ 'ਚ ਹੋਏ ਸਫ਼ਲ
ਅਟਾਰੀ, (ਅੰਮ੍ਰਿਤਸਰ) 21 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦੇ ਪੰਜ ਬੰਗਲਾਦੇਸ਼ੀ ਨਾਗਰਿਕਾਂ ਵਿਚੋਂ ਇਕ ਨਾਗਰਿਕ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂਕਿ ਬਾਕੀ ਚਾਰ ਬੰਗਲਾਦੇਸ਼ੀ ਵਾਪਸ ਭਾਰਤ ਵਾਲੇ ਪਾਸੇ ਭੱਜਣ ਵਿਚ ਸਫ਼ਲ ਹੋ ਗਏ, ਜਿਨ੍ਹਾਂ ਦੀ ਭਾਲ ਸਥਾਨਕ ਪੁਲਿਸ ਵਲੋਂ ਜਾਰੀ ਹੈ। ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਪੁੱਲ ਮੋਰਾਂ ਤੋਂ ਫੜੇ ਗਏ ਬਾਦਸ਼ਾਹ ਮੀਆਂ (26) ਪੁੱਤਰ ਅਬੀਰ ਮੀਆਂ ਵਾਸੀ ਪਿੰਡ ਕੁਲਨਾਜ, ਪੀ. ਐੱਸ. ਧੀਰਿਤਨਾਨਾ, ਜ਼ਿਲ੍ਹਾ ਸੁਨਾਮਗੰਜ, ਬੰਗਲਾਦੇਸ਼ ਨੂੰ 100 ਬਟਾਲੀਅਨ ਬੀ. ਐੱਸ. ਐੱਫ. ਨੇ ਬੀ. ਪੀ. ਨੰਬਰ 99 ਬੀ. ਓ. ਪੀ. ਪੁਲ ਮੋਰਾਂ, ਥਾਣਾ ਘਰਿੰਡਾ ਨੇੜੇ ਫੜ ਲਿਆ ਗਿਆ ਸੀ, ਜਦੋਂ ਉਹ 4 ਹੋਰ ਬੰਗਲਾਦੇਸ਼ੀ ਨੌਜਵਾਨਾਂ ਦੇ ਇਕ ਸਮੂਹ ਨਾਲ ਪਾਕਿਸਤਾਨ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਵਾਪਸ ਭਾਰਤ ਵਾਲੇ ਪਾਸੇ ਭੱਜਣ ਵਿਚ ਕਾਮਯਾਬ ਹੋ ਗਏ। ਬੀ. ਐੱਸ. ਐੱਫ. ਵਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਫਰਵਰੀ ਮਾਰਚ 2025 ਵਿਚ ਕਿਸੇ ਸਮੇਂ ਉਹ ਆਪਣੀ ਮਾਸੀ ਦੇ ਨਾਲ ਇੱਕ ਏਜੰਟ ਮੰਨਨ ਭਾਈ ਦੀ ਮਦਦ ਨਾਲ ਜਾਫਲਾਂਗ ਸਰਹੱਦ ਮੇਘਾਲਿਆ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆ ਗਿਆ ਸੀ। ਇਸ ਤੋਂ ਬਾਅਦ ਉਹ 4 ਹੋਰ ਬੰਗਲਾਦੇਸ਼ੀ ਨਾਗਰਿਕਾਂ ਨਾਲ ਸ੍ਰੀਨਗਰ 'ਚ ਰਿਹਾ ਅਤੇ ਹੁਣ ਉਥੋਂ ਹੀ ਉਕਤ 5 ਨੌਜਵਾਨ ਅੰਮ੍ਰਿਤਸਰ ਪੁੱਜੇ ਅਤੇ ਉਨ੍ਹਾਂ ਪਾਕਿਸਤਾਨ 'ਚ ਘੁਸਪੈਠ ਦੀ ਕੋਸ਼ਿਸ਼ ਤੋਂ ਪਹਿਲਾਂ ਅਟਾਰੀ-ਵਾਹਗਾ ਸਰਹੱਦ 'ਤੇ ਰੀਟਰੀਟ ਸੈਰਾਮਨੀ ਵੀ ਦੇਖੀ ਸੀ।
ਭਾਰਤ ਤੋਂ ਪਾਕਿਸਤਾਨ ਜਾਂਦਾ ਬੰਗਲਾਦੇਸ਼ੀ ਕਾਬੂ
ਅਜੀਤ ਡੈਸਕ
22-09-2025