ਨਵੀਂ ਦਿੱਲੀ, 21 ਸਤੰਬਰ (ਏਜੰਸੀ)-ਸੀ.ਬੀ.ਆਈ. ਦੀ ਅਪੀਲ 'ਤੇ ਇਥੇ ਇਕ ਵਿਸ਼ੇਸ਼ ਅਦਾਲਤ ਨੇ ਮਲੇਸ਼ੀਆਈ ਦੂਰਸੰਚਾਰ ਕੰਪਨੀ ਮੈਕਸਿਸ ਅਤੇ ਉਸ ਦੇ ਸਾਬਕਾ ਨਿਰਦੇਸ਼ਕ ਅਗਸਟਸ ਰਾਲਫ਼ ਮਾਰਸ਼ਲ ਨੂੰ ਨਵਾਂ ਸੰਮਨ ਜਾਰੀ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ 2006 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਕਾਰਜਕਾਲ ਦੌਰਾਨ ਏਅਰਸੈੱਲ ਦੇ ਅਧਿਗ੍ਰਹਿਣ ਲਈ ਮੈਕਸਿਸ ਦੀ ਸਹਾਇਕ ਕੰਪਨੀ ਨੂੰ ਦਿੱਤੀ ਗਈ ਐਫ.ਆਈ.ਪੀ.ਬੀ. ਮਨਜ਼ੂਰੀ ਦੇ ਸੰਬੰਧ 'ਚ ਇਹ ਸੰਮਨ ਜਾਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਮਾਮਲੇ 'ਚ ਮਲੇਸ਼ੀਆਈ ਕੰਪਨੀ ਐਸਟ੍ਰੋ ਆਲ ਏਸ਼ੀਆ ਨੈਟਵਰਕ ਨੂੰ ਵੀ ਸੰਮਨ ਜਾਰੀ ਕਰਨ ਦੀ ਅਪੀਲ ਕੀਤੀ ਹੈ, ਜਿਸ ਨੂੰ ਵਿਸ਼ੇਸ਼ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ | ਸੀ.ਬੀ.ਆਈ. ਨੇ ਮਲੇਸ਼ੀਆ 'ਚ ਸੰਮਨ ਤਮੀਲ ਕਰਨ ਲਈ ਅਦਾਲਤ ਤੋਂ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ | ਜਾਂਚ ਏਜੰਸੀ ਨੇ ਸਾਬਕਾ ਦੂਰਸੰਚਾਰ ਮੰਤਰੀ ਦਯਾਨਿਧੀ ਮਾਰਨ ਤੇ ਕੁਝ ਹੋਰਾਂ ਦੇ ਖਿਲਾਫ਼ 29 ਅਗਸਤ 2014 ਨੂੰ ਆਪਣਾ ਪਹਿਲਾ ਦੋਸ਼-ਪੱਤਰ ਦਾਖਲ ਕੀਤਾ ਸੀ | ਹਾਲਾਂਕਿ 2 ਫਰਵਰੀ 2017 ਨੂੰ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਦੋਸ਼ਮੁਕਤ ਕਰ ਦਿੱਤਾ ਸੀ | ਸੀ.ਬੀ.ਆਈ. ਨੇ ਇਸ ਦੋਸ਼ਮੁਕਤੀ ਨੂੰ ਦਿੱਲੀ ਹਾਈ ਕੋਰਟ 'ਚ ਮੁੜ-ਨਿਰੀਖਣ ਪਟੀਸ਼ਨ ਜ਼ਰੀਏ ਚੁਣੌਤੀ ਦਿੱਤੀ ਹੈ |