ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)-ਪੰਜਾਬ ਮੈਡੀਕਲ ਕੌਂਸਲ (ਪੀ. ਐੱਮ. ਸੀ.) ਵਲੋਂ ਜਨਰਲ ਬਾਡੀ ਦੀ ਮੀਟਿੰਗ 'ਚ ਵਿਚਾਰ ਤੇ ਮਨਜੂਰੀ ਤੋਂ ਬਾਅਦ 4 ਡਾਕਟਰਾਂ ਅਜੈ ਰਾਣਾ, ਡਾ. ਉਮੇਸ਼ ਮਲਹੋਤਰਾ, ਡਾ. ਚੰਦਨਦੀਪ ਸਿੰਘ ਸੰਧੂ ਅਤੇ ਡਾ. ਹਰਪ੍ਰੀਤ ਸਿੰਘ ਨੂੰ ਕੁਝ ਸੀਮਤ ਸਮੇਂ ਲਈ ਪੰਜਾਬ ਮੈਡੀਕਲ ਰਜਿਸਟਰ ਤੋਂ ਹਟਾਇਆ ਗਿਆ ਹੈ | ਇਸ ਸੰਬੰਧੀ ਪੀ.ਐਮ.ਸੀ. ਦੇ ਰਜਿਸਟਰਾਰ ਰੁਪਿੰਦਰ ਕੌਰ ਬਖ਼ਸ਼ੀ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ 'ਚ ਦੱਸਿਆ ਗਿਆ ਹੈ ਕਿ ਡਾ. ਅਜੈ ਰਾਣਾ ਨੂੰ 2-4-2024 ਤੋਂ ਤਿੰਨ ਸਾਲਾਂ ਲਈ ਪੰਜਾਬ ਮੈਡੀਕਲ ਰਜਿਸਟਰ ਤੋਂ ਹਟਾਇਆ ਗਿਆ ਹੈ, ਜੋ ਕਿ ਦਿੱਲੀ ਮੈਡੀਕਲ ਕੌਂਸਲ ਦੀ ਸਿਫ਼ਾਰਿਸ਼ 'ਤੇ ਅਧਾਰਿਤ ਹੈ | ਡਾ. ਉਮੇਸ਼ ਮਲਹੋਤਰਾ ਨੂੰ 10-10-2025 ਤੋਂ 9-10-2026 ਤੱਕ ਇਕ ਸਾਲ ਲਈ ਪੰਜਾਬ ਮੈਡਕੀਲ ਰਜਿਸਟਰ ਤੋਂ ਹਟਾਇਆ ਗਿਆ ਹੈ, ਕਿਉਂਕਿ ਉਹ ਕੇਵਲ ਐਮ.ਬੀ.ਬੀ.ਐਸ. ਯੋਗਤਾ ਨਾਲ ਹੀ ਰਜਿਸਟਰਡ ਸੀ ਪਰ ਉਸ ਨੇ ਗ਼ੈਰ ਅਧਿਕਾਰਕ ਤੌਰ 'ਤੇ ਉੱਚ ਯੋਗਤਾਵਾਂ (ਐਸ.ਐਸ. ਅਤੇ ਐਮ.ਸੀ.ਐੱਚ. ਆਰਥੋ) ਦਾ ਦਾਅਵਾ ਕੀਤਾ ਅਤੇ ਪੰਜਾਬ ਮੈਡੀਕਲ ਕੌਂਸਲ ਨਾਲ ਰਜਿਸਟ੍ਰੇਸ਼ਨ ਬਿਨਾ ਵਿਸ਼ੇਸ਼ਤਾ ਦੀ ਅਵੈਧ ਪ੍ਰੈਕਟਿਸ ਕੀਤੀ | ਡਾ. ਚੰਦਨਦੀਪ ਸਿੰਘ ਸੰਧੂ ਨੂੰ 10-10-2025 ਤੋਂ 9-1-2026 ਤੱਕ ਤਿੰਨ ਮਹੀਨੇ ਲਈ ਪੰਜਾਬ ਮੈਡੀਕਲ ਰਜਿਸਟਰ ਤੋਂ ਹਟਾਇਆ ਗਿਆ ਹੈ, ਕਿਉਂਕਿ ਘਟਨਾ ਦੇ ਸਮੇਂ ਉਹ ਬਿਨਾ ਰਜਿਸਟ੍ਰੇਸ਼ਨ ਦੇ ਪੰਜਾਬ ਰਾਜ 'ਚ ਮੈਡੀਕਲ ਪ੍ਰੈਕਟਿਸ ਕਰ ਰਹੇ ਸਨ | ਇਸੇ ਤਰ੍ਹਾਂ ਡਾ. ਹਰਪ੍ਰੀਤ ਸਿੰਘ ਦਾ ਨਾਂਅ 10-10-2025 ਤੋਂ 9-11-2025 ਤੱਕ ਇਕ ਮਹੀਨੇ ਲਈ ਪੰਜਾਬ ਮੈਡੀਕਲ ਰਜਿਸਟਰ ਤੋਂ ਹਟਾਇਆ ਗਿਆ ਹੈ, ਜੋ ਕਿ ਇਕ ਵਿਅਕਤੀ ਵਲੋਂ ਦਿੱਤੀ ਗਈ ਮੈਡੀਕੋ-ਲੀਗਲ ਸਰਟੀਫਿਕੇਟ ਸਬੰਧੀ ਸ਼ਿਕਾਇਤ ਦੇ ਅਧਾਰ 'ਤੇ ਹੈ |