• ਕਾਬੁਲ ਦੇ ਦੋ ਗੁਰਦੁਆਰੇ ਮਦਰੱਸਿਆਂ 'ਚ ਤਬਦੀਲ • ਗੁਰਦੁਆਰਿਆਂ ਦੇ ਰੱਖ-ਰਖਾਅ ਦੀ ਵੀ ਕੀਤੀ ਅਪੀਲ
ਅੰਮਿ੍ਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨ ਹਿੰਦੂ ਸਿੱਖ ਭਾਈਚਾਰੇ ਨੇ ਅਫ਼ਗ਼ਾਨਿਸਤਾਨ ਦੇ ਗ਼ਜ਼ਨੀ, ਕੁੰਦੁਜ਼, ਹੇਰਾਤ, ਪਕਤਿਕਾ, ਕੰਧਾਰ ਤੇ ਕਾਬੁਲ ਆਦਿ ਸੂਬਿਆਂ ਵਿਚਲੇ ਹਿੰਦੂ-ਸਿੱਖਾਂ ਦੇ ਪੁਰਾਤਨ ਸ਼ਮਸ਼ਾਨਘਾਟਾਂ ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੂੰ ਕਬਜ਼ਾਮੁਕਤ ਕਰਵਾਉਣ ਲਈ ਤਾਲਿਬਾਨ ਸ਼ਾਸਕਾਂ ਤੋਂ ਸੰਬੰਧਿਤ ਮਿਊਾਸੀਪਲਟੀ ਦੇ ਮੇਅਰਾਂ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਅਫ਼ਗਾਨ ਸਰਕਾਰਾਂ ਦੇ ਕਾਰਜਕਾਲ ਦੌਰਾਨ ਕੁਝ ਕਬਜ਼ਾ ਮਾਫ਼ੀਆ ਲੋਕਾਂ ਵਲੋਂ ਹਿੰਦੂ-ਸਿੱਖਾਂ ਦੀਆਂ ਜ਼ਮੀਨਾਂ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਸਨ | ਇਸ ਤੋਂ ਇਲਾਵਾ ਕਾਬੁਲ ਦੇ ਦੋ ਇਤਿਹਾਸਕ ਗੁਰਦੁਆਰਿਆਂ 'ਚ ਮਦਰਸੇ ਵੀ ਕਾਇਮ ਕੀਤੇ ਗਏ ਹਨ | ਜਿਨ੍ਹਾਂ ਦੇ ਦਰਸ਼ਨਾਂ ਦੀ ਅਫ਼ਗਾਨ ਸਿੱਖਾਂ ਨੂੰ ਮਨਜ਼ੂਰੀ ਨਹੀਂ ਹੈ | ਉਨ੍ਹਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਹਾਮਿਦ ਕਰਜ਼ਈ ਤੇ ਅਸ਼ਰਫ਼ ਗਨੀ ਦੀਆਂ ਸਰਕਾਰਾਂ ਵੇਲੇ ਗ਼ਜ਼ਨੀ ਦੇ ਸ਼ਮਸ਼ਾਨਘਾਟ ਦੀ ਜ਼ਮੀਨ 'ਤੇ ਔਰਤਾਂ ਲਈ ਜੇਲ੍ਹਖ਼ਾਨਾ ਬਣਾਇਆ ਗਿਆ | ਉਸ ਦੇ ਬਾਅਦ ਉੱਥੇ ਪਾਰਕ ਬਣਾ ਦਿੱਤਾ ਗਿਆ ਤੇ ਮੌਜੂਦਾ ਸਮੇਂ ਉੱਥੇ ਨਾਜਾਇਜ਼ ਕਬਜ਼ਾ ਕਰਕੇ ਕਈ ਦੁਕਾਨਾਂ ਬਣਾਈਆਂ ਗਈਆਂ ਹਨ | ਅਫ਼ਗਾਨ ਸਿੱਖ ਭਾਈਚਾਰੇ ਨੇ ਤਾਲਿਬਾਨ ਅਧਿਕਾਰੀਆਂ ਪਾਸੋਂ ਗ਼ਜ਼ਨੀ ਦੇ ਇਤਿਹਾਸਕ ਗੁਰਦੁਆਰਾ ਕੋਟਲਾ ਸਾਹਿਬ ਤੇ ਗੁਰਦੁਆਰਾ ਭਾਈ ਨੰਦ ਲਾਲ ਜੀ ਸ਼ਮੀਰ ਸਮੇਤ ਕਾਬੁਲ, ਪਕਤਿਕਾ, ਕੰਧਾਰ, ਕੁੰਦੁਜ਼, ਸੁਲਤਾਨਪੁਰ, ਸ਼ਰਾਹਗਾਹ ਅਤੇ ਜ਼ਬਰਸਰਾਜ਼ ਆਦਿ ਇਲਾਕਿਆਂ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਰੱਖ-ਰਖਾਅ ਲਈ ਵੀ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਉਪਰੰਤ ਬੰਦ ਕੀਤੇ ਗੁਰਦੁਆਰੇ ਮੁੜ ਖੋਲ੍ਹਣ ਤੇ ਉਨ੍ਹਾਂ 'ਚ ਧਾਰਮਿਕ ਰਸਮਾਂ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ | ਦੱਸਣਯੋਗ ਹੈ ਕਿ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਾਕੀ ਨਾਲ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਬੀਤੇ ਦਿਨੀਂ ਦਿੱਲੀ ਸਥਿਤ ਅਫ਼ਗਾਨਿਸਤਾਨ ਹਾਈ ਕਮਿਸ਼ਨ ਵਿਖੇ ਮੁਲਾਕਾਤ ਕਰਨ ਪਹੁੰਚੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਦੇ ਵਫ਼ਦ ਨੂੰ ਮੁੱਤਾਕੀ ਨੇ ਅਫ਼ਗਾਨਿਸਤਾਨ ਭਰ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਦੇਖਭਾਲ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਦਿੱਲੀ ਵਿਖੇ ਰਹਿ ਰਹੇ ਇਨ੍ਹਾਂ ਅਫ਼ਗਾਨ ਹਿੰਦੂ ਸਿੱਖਾਂ ਨੂੰ ਆਪਣੇ ਪਰਿਵਾਰਾਂ ਸਮੇਤ ਅਫ਼ਗਾਨਿਸਤਾਨ ਵਾਪਸ ਪਰਤਣ ਲਈ ਵੀ ਕਿਹਾ |
ਤਾਲਿਬਾਨ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਸ਼ਮਸ਼ਾਨਘਾਟ ਕਰਵਾਉਣ ਕਬਜ਼ਾ ਮੁਕਤ-ਅਫ਼ਗਾਨ ਸਿੱਖ
ਅਜੀਤ ਡੈਸਕ
17-10-2025