ਇਸ ਵਰ੍ਹੇ ਰਿਕਾਰਡ 4.75 ਲੱਖ ਕਰੋੜ ਖਰਚ ਕੀਤੇ ਜਾਣ ਦਾ ਅੰਦਾਜ਼ਾ
ਵੀਰਪਾਲ ਸਿੰਘ
ਬਠਿੰਡਾ, 16 ਅਕਤੂਬਰ-ਅਕਤੂਬਰ ਮਹੀਨੇ ਦੇ ਅਖ਼ੀਰਲੇ ਹਫ਼ਤੇ ਵਿਚ ਆ ਰਹੇ ਦੀਵਾਲੀ ਦੇ ਤਿਉਹਾਰ ਮੌਕੇ ਭਾਰਤੀ ਲੋਕਾਂ ਵਲੋਂ 4 ਲੱਖ 75 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਅੱਜ ਤੱਕ ਦੇਸ਼ ਵਾਸੀਆਂ ਵਲੋਂ ਲੰਘੇ ਸੀਜਨਾਂ 'ਚ ਖਰਚ ਕੀਤੇ ਗਏ ਪੈਸਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਾਣ ਦਾ ਅੰਦਾਜ਼ਾ ਹੈ | ਮੀਡੀਆ ਰਿਪੋਰਟਾਂ ਦੇ ਅੰਕੜਿਆਂ ਅਨੁਸਾਰ ਭਾਰਤੀ ਲੋਕਾਂ ਵਲੋਂ ਦੀਵਾਲੀ ਦੇ ਤਿਉਹਾਰ ਮਨਾਉਣ ਮੌਕੇ ਸੰਨ 2021 ਵਿਚ 1.25 ਲੱਖ ਕਰੋੜ ਖਰਚ ਕੀਤੇ ਗਏ ਸਨ | ਇਸੇ ਤਰ੍ਹਾਂ ਹੀ ਸੰਨ 2022 ਵਿਚ 2.25 ਲੱਖ ਕਰੋੜ, ਸੰਨ 2023 ਵਿਚ 3.75 ਲੱਖ ਕਰੋੜ ਅਤੇ ਸੰਨ 2024 ਵਿਚ 4.25 ਲੱਖ ਕਰੋੜ ਭਾਰਤੀ ਲੋਕਾਂ ਵਲੋਂ ਖਰਚ ਕੀਤੇ ਗਏ ਸਨ | ਇਸ ਵਾਰ ਦੇ ਤਿਉਹਾਰ ਮੌਕੇ ਭਾਰਤੀਆਂ ਵਲੋਂ 4 ਲੱਖ 75 ਹਜ਼ਾਰ ਕਰੋੜ ਰੁਪਏ ਖਰਚ ਕਰਨ ਦੀ ਉਮੀਦ ਹੈ | ਇਨ੍ਹਾਂ 'ਚੋਂ ਸਭ ਤੋਂ ਵੱਧ ਪੈਸਾ ਨਵੀਂਆਂ ਕਾਰਾਂ ਖਰੀਦਣ ਲਈ ਖਰਚ ਕੀਤਾ ਜਾ ਰਿਹਾ, ਜਿਸ ਦਾ ਅੰਕੜਾ 1.14 ਲੱਖ ਕਰੋੜ ਹੈ | ਇਸੇ ਤਰ੍ਹਾਂ ਨਵੇਂ ਕੱਪੜੇ ਖਰੀਦਣ 'ਤੇ 57,000 ਕਰੋੜ, ਤੋਹਫ਼ਿਆਂ 'ਤੇ 38,000 ਕਰੋੜ, ਮਿਠਾਈਆਂ ਅਤੇ ਨਮਕੀਨ 'ਤੇ 19,000 ਕਰੋੜ, ਘਰ ਦੀ ਰਸੋਈ ਚਲਾਉਣ ਲਈ 61,750 ਕਰੋੜ, ਕਾਸਮੈਟਿਕ ਆਇਟਮਾਂ 'ਤੇ 28,500 ਕਰੋੜ, ਸਜਾਵਟ ਅਤੇ ਨਵਾਂ ਫ਼ਰਨੀਚਰ ਖਰੀਦਣ ਲਈ 190,000 ਕਰੋੜ, ਡਰਾਈ ਫਰੂਟ ਖਾਣ 'ਤੇ 14250 ਕਰੋੜ, ਘਰੇਲੂ ਸਜਾਵਟੀ ਚੀਜ਼ਾਂ 'ਤੇ 14,250 ਕਰੋੜ ਅਤੇ ਤਿਉਹਾਰ ਦੇ ਦਿਨਾਂ ਵਿਚ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਪੂਜਾ ਸਮਗਰੀ 'ਤੇ 14,249 ਕਰੋੜ ਅਤੇ ਬੇਕਰੀ ਦੇ ਉਤਪਾਦ ਲਈ 9500 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ | ਇਨ੍ਹਾਂ ਸਾਰੇ ਅੰਕੜਿਆਂ ਤੋਂ ਸਪਸ਼ਟ ਹੋਇਆ ਹੈ ਕਿ ਭਾਰਤੀ ਲੋਕ ਤਿਉਹਾਰਾਂ ਦੇ ਸੀਜਨ ਵਿਚ ਪੈਸਾ ਖਰਚ ਕੀਤੇ ਜਾਣ ਦੇ ਮਾਮਲੇ ਵਿਚ ਦੁਨੀਆਂ ਭਰ 'ਚ ਮੋਹਰੀ ਬਣ ਚੁੱਕੇ ਹਨ | ਦੁਨੀਆਂ ਭਰ ਦੇ ਸਮੂਹ ਦੇਸ਼ ਆਪਣੇ-ਆਪਣੇ ਤਿਉਹਾਰਾਂ ਈਦ, ਕਿ੍ਸਮਿਸ ਮਨਾਉਣ ਮੌਕੇ ਖਰਚੇ ਕੀਤੇ ਜਾਣ ਦੇ ਮੁਕਾਬਲੇ ਵਿਚ ਭਾਰਤੀ ਲੋਕਾਂ ਦੇ ਨੇੜੇ ਤੇੜੇ ਵੀ ਨਹੀਂ ਖੜ੍ਹ ਪਾ ਰਹੇ | ਭਾਰਤੀ ਲੋਕਾਂ ਵਲੋਂ ਖਰਚ ਕੀਤੇ ਜਾ ਰਹੇ ਇਨ੍ਹਾਂ ਸਾਰੇ ਪੈਸਿਆਂ ਦੇ ਅੰਕੜਿਆਂ ਤੋਂ ਇਲਾਵਾ ਭਾਰਤੀ ਲੋਕ ਦੀਵਾਲੀ ਦੇ ਤਿਉਹਾਰ ਮੌਕੇ 24 ਘੰਟਿਆਂ ਵਿਚ ਪਟਾਕਿਆਂ 'ਤੇ 40 ਹਜ਼ਾਰ ਕਰੋੜ ਰੁਪਏ ਖਰਚ ਕਰਦੇ ਹਨ | ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਗਰੀਨ ਪਟਾਕੇ ਚਲਾਉਣ ਦੀ ਇਜ਼ਾਜ਼ਤ ਦਿੱਤੇ ਜਾਣ ਨਾਲ ਦੀਵਾਲੀ ਮੌਕੇ ਪਟਾਕੇ ਖਰੀਦਣ ਵਾਲੇ ਅੰਕੜੇ ਹੋਰ ਵੱਡੇ ਹੋ ਸਕਦੇ ਹਨ | ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਲੀ ਵਿਚ 18 ਤੋਂ 20 ਅਕਤੂਬਰ ਤੱਕ ਹੀ ਗਰੀਨ ਪਟਾਕੇ ਵੇਚਣ ਦੀ ਖੁੱਲ੍ਹ ਦਿੱਤੀ ਗਈ ਹੈ | ਪੂਰੇ ਦੇਸ਼ ਵਿਚ ਗਰੀਨ ਪਟਾਕੇ ਬਣਾਉਣ ਵਾਲੀਆਂ 403 ਕੰਪਨੀਆਂ ਪਾਸ ਗਰੀਨ ਪਟਾਕੇ ਬਣਾਉਣ ਲਈ ਲਾਇਸੰਸ ਹੈ, ਜਿਨ੍ਹਾਂ ਵਿਚ ਦਿੱਲੀ ਵਿਚ ਸਿਰਫ਼ 1 ਕੰਪਨੀ ਅਤੇ ਉਤਰ ਪ੍ਰਦੇਸ਼ ਵਿਚ 51 ਅਤੇ ਪੰਜਾਬ ਅਤੇ ਹਰਿਆਣਾ ਵਿਚ 22 ਕੰਪਨੀਆਂ ਸ਼ਾਮਿਲ ਹਨ | ਦੀਵਾਲੀ ਤਿਉਹਾਰ ਮੌਕੇ ਪਟਾਕਿਆਂ ਦੀ ਮੰਗ ਪੂਰਾ ਕਰਨ ਲਈ ਦੇਸ਼ ਵਿਚ ਪਟਾਕੇ ਬਣਾਉਣ ਵਾਲੀਆਂ ਲੱਖਾਂ ਦੀ ਗਿਣਤੀ ਵਿਚ ਗੈਰ-ਕਾਨੂੰਨੀ ਕੰਪਨੀਆਂ ਕੰਮ ਕਰਕੇ ਪਟਾਕਾ ਬਾਜ਼ਾਰ ਵਿਚ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ, ਜਿਨ੍ਹਾਂ ਵਲੋਂ ਸੰਬੰਧਿਤ ਵਿਭਾਗੀ ਅਫ਼ਸਰਾਂ ਦੀ ਅੱਖਾਂ 'ਤੇ ਰਿਸ਼ਵਤ ਰੂਪੀ ਮੋਟੀ ਪੱਟੀ ਬੰਨੀ ਹੋਈ ਹੈ |
ਤਿਉਹਾਰ ਮਨਾਉਣ ਲਈ ਭਾਰਤੀ ਲੋਕ ਪੈਸਾ ਖਰਚਣ ਲਈ ਦੁਨੀਆ ਭਰ 'ਚ ਮੋਹਰੀ <br/>
ਅਜੀਤ ਡੈਸਕ
17-10-2025