ਤਰੱਕੀ ਦੇ ਮਾਪਦੰਡਾਂ ਲਈ ਰੱਖੀਆਂ ਵੱਖ-ਵੱਖ ਯੋਗਤਾ ਤਾਰੀਖਾਂ ਦਰੁਸਤ ਕਰਨ ਦੀ ਮੰਗ
ਬਠਿੰਡਾ, 16 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਨ ਟੀਚਿੰਗ ਸਟਾਫ਼ ਪਿਛਲੇ ਪੰਜ ਮਹੀਨਿਆਂ ਤੋਂ ਤਰੱਕੀਆਂ ਨੂੰ ਤਰਸ ਰਿਹਾ ਹੈ, ਜਦਕਿ ਇਸ ਸੰਬੰਧੀ ਉਨ੍ਹਾਂ ਦੀ ਯੋਗਤਾ ਸੰਬੰਧੀ ਹੋਈ ਪ੍ਰੀਖਿਆ ਦਾ ਕੰਮ ਕਦੋਂ ਦਾ ਨਿੱਬੜ ਚੁੱਕਾ ਹੈ ਪਰ ਉਸ ਵਿਚੋਂ ਵੀ ਪੱਖਪਾਤ ਦੀ ਬੋਅ ਆਉਣ ਕਾਰਨ ਨਾਨ-ਟੀਚਿੰਗ ਸਟਾਫ਼ ਕਾਫੀ ਖ਼ਫ਼ਾ ਹੈ | ਇਸ ਸੰਬੰਧੀ ਨਾਨ-ਟੀਚਿੰਗ ਸਟਾਫ਼ ਦੇ ਆਗੂ ਸਰਬਜੀਤ ਕੌਰ, ਕਰਨ, ਪ੍ਰਦੀਪ ਕੌਰ, ਸਿਮਰਨ, ਰਮਨਦੀਪ ਕੌਰ ਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ, ਓ.ਸੀ.ਟੀ. ਅਤੇ ਨਾਨ-ਟੀਚਿੰਗ ਕੇਡਰ ਤੋਂ ਮਾਸਟਰ ਕੇਡਰ 'ਚ ਪਦਉੱਨਤੀ ਲਈ ਕੇਸ ਮੰਗੇ ਗਏ ਸਨ, ਜਿਨ੍ਹਾਂ ਲਈ ਯੋਗਤਾ ਤਾਰੀਖ 2 ਜੂਨ, 2025 ਰੱਖੀ ਗਈ ਸੀ ਪਰ ਬਾਅਦ ਵਿਚ ਵਿਭਾਗ ਵਲੋਂ ਪੀ.ਐਸ. ਟੈਟ-2, ਜਿਸ ਦਾ ਨਤੀਜਾ ਦਰੁਸਤੀ ਤੋਂ ਬਾਅਦ 28 ਅਗਸਤ, 2025 ਨੂੰ ਐਲਾਨਿਆ ਗਿਆ ਸੀ, ਇਸ ਨਤੀਜੇ ਵਿਚ ਪਾਸ ਹੋਏ ਮੁਲਾਜ਼ਮਾਂ ਦੇ ਕੇਸ ਵੀ ਮੰਗ ਲਏ ਸਨ | ਇਸ ਤਰ੍ਹਾਂ ਵਿਭਾਗ ਨੇ ਪੀ.ਐਸ. ਟੈਟ-2 ਲਈ ਯੋਗਤਾ ਤਾਰੀਖ 28 ਅਗਸਤ, 2025 ਕਰ ਦਿੱਤੀ ਹੈ ਪਰ ਬਾਕੀ ਯੋਗਤਾਵਾਂ ਲਈ ਯੋਗਤਾ ਤਾਰੀਖ 2 ਜੂਨ, 2025 ਹੀ ਰੱਖੀ ਗਈ ਹੈ | ਇਸ ਤਰ੍ਹਾਂ ਸਿੱਖਿਆ ਵਿਭਾਗ ਵਲੋਂ ਤਰੱਕੀ ਦੇ ਵੱਖ-ਵੱਖ ਮਾਪਦੰਡਾਂ ਲਈ ਵੱਖ-ਵੱਖ ਯੋਗਤਾ ਤਾਰੀਖਾਂ ਰੱਖੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪੀ.ਐਸ. ਟੈਟ-2 ਲਈ ਯੋਗਤਾ ਤਾਰੀਖ ਬਦਲ ਕੇ 28 ਅਗਸਤ, 2025 ਕਰ ਦਿੱਤੀ ਹੈ ਪਰ ਬਾਕੀ ਯੋਗਤਾ ਮਾਪਦੰਡਾਂ ਲਈ ਯੋਗਤਾ 2 ਜੂਨ, 2025 ਰੱਖ ਕੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਹੁਣ ਜਦੋਂ ਅਜੇ ਤੱਕ ਤਰੱਕੀਆਂ ਨਹੀਂ ਹੋਈਆਂ ਤਾਂ ਤਰੱਕੀਆਂ ਲਈ 5 ਮਹੀਨੇ ਪਹਿਲਾਂ ਦੀ ਯੋਗਤਾ ਤਾਰੀਖ ਰੱਖਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਸਾਰੇ ਯੋਗਤਾ ਮਾਪਦੰਡਾਂ ਲਈ ਇਕ ਹੀ ਯੋਗਤਾ ਤਾਰੀਖ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਪੱਖਪਾਤ ਤੋਂ ਬਚਿਆ ਜਾ ਸਕੇ ਅਤੇ ਸਾਰੇ ਯੋਗ ਮੁਲਾਜ਼ਮਾਂ ਨੂੰ ਤਰੱਕੀ ਦਾ ਮੌਕਾ ਮਿਲ ਸਕੇ | ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਇਸ ਦਰੁਸਤੀ ਵੱਲ ਖ਼ਾਸ ਧਿਆਨ ਦੇਣ ਦੀ ਮੰਗ ਕੀਤੀ ਹੈ |
ਪੰਜ ਮਹੀਨਿਆਂ ਦੀ ਉਡੀਕ ਤੋਂ ਬਾਅਦ ਵੀ ਨਹੀਂ ਹੋਈਆਂ ਨਾਨ-ਟੀਚਿੰਗ ਸਟਾਫ਼ ਦੀਆਂ ਤਰੱਕੀਆਂ
ਅਜੀਤ ਡੈਸਕ
17-10-2025