ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ | ਅਦਾਲਤ ਨੇ ਸੁਖਬੀਰ ਸਿੰਘ ਬਾਦਲ ਵਲੋਂ ਦਾਇਰ ਕੀਤੀ ਮਾਨਹਾਨੀ ਦੀ ਸ਼ਿਕਾਇਤ ਰੱਦ ਕਰਨ ਦੀ ਮੰਗ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ | ਇਹ ਮਾਮਲਾ ਸਾਲ 2017 ਦਾ ਹੈ, ਜਦੋਂ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦੋਸ਼ ਲਗਾਇਆ ਸੀ ਕਿ ਉਹ ਆਪਣੇ ਪੰਜਾਬ ਦੌਰੇ ਦੌਰਾਨ ਅੱਤਵਾਦੀਆਂ ਨਾਲ ਮਿਲ ਰਹੇ ਹਨ | ਬਾਦਲ ਨੇ ਕਿਹਾ ਸੀ ਕਿ ਕੇਜਰੀਵਾਲ ਨੇ 'ਅਖੰਡ ਕੀਰਤਨੀ ਜਥੇ' ਦੇ ਮੈਂਬਰਾਂ ਨਾਲ ਨਾਸ਼ਤਾ ਕੀਤਾ, ਜੋ ਕਥਿਤ ਤੌਰ 'ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸਿਆਸੀ ਮੋਰਚਾ ਮੰਨੇ ਜਾਂਦੇ ਹਨ | ਬਾਦਲ ਨੇ ਇਹ ਵੀ ਕਿਹਾ ਸੀ ਕਿ 'ਭਗਵਾਨ ਨਾ ਕਰੇ ਜੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਸੂਬੇ 'ਚ ਅਫ਼ਰਾਤਫ਼ੜੀ ਮੱਚ ਜਾਵੇਗੀ |' ਇਸ ਬਿਆਨ ਨੂੰ ਲੈ ਕੇ 'ਅਖੰਡ ਕੀਰਤਨੀ ਜਥੇ' ਦੇ ਮੈਂਬਰ ਰਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ਼ ਕਰਾਈ ਸੀ | ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ 'ਚ ਦਾਇਰ ਆਪਣੀ ਅਰਜ਼ੀ 'ਚ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਬਿਆਨ ਵਿਚ ਸ਼ਿਕਾਇਤਕਰਤਾ ਦਾ ਨਾਂਅ ਤੱਕ ਨਹੀਂ ਲਿਆ | ਉਸ ਸਮੇਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਸਨ, ਇਸ ਲਈ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਟਿੱਪਣੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਸੀ ਪਰ ਹਾਈ ਕੋਰਟ ਨੇ ਸੁਖਬੀਰ ਬਾਦਲ ਦੀ ਇਹ ਦਲੀਲ ਖ਼ਾਰਜ ਕਰਦਿਆਂ ਕਿਹਾ ਕਿ ਮੁਢਲੇ ਤੌਰ 'ਤੇ ਮਾਮਲਾ ਵਿਚਾਰਯੋਗ ਹੈ ਅਤੇ ਇਸ ਪੱਧਰ 'ਤੇ ਸ਼ਿਕਾਇਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ | ਅਦਾਲਤ ਦੇ ਹੁਕਮ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਮਾਮਲਾ ਹੇਠਲੀ ਅਦਾਲਤ 'ਚ ਲੜਨਾ ਪਵੇਗਾ | ਅਦਾਲਤ ਨੇ ਕਿਹਾ ਸ਼ਿਕਾਇਤਕਰਤਾ ਵਲੋਂ ਲਗਾਏ ਦੋਸ਼ਾਂ 'ਤੇ ਸੁਣਵਾਈ ਜਾਰੀ ਰਹੇਗੀ, ਇਸ ਪੜਾਅ 'ਤੇ ਮਾਮਲੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ |