ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ 'ਚ ਹੋਈ ਮੌਤ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਹੈ | ਅਰਜ਼ੀ 'ਚ ਦੱਸਿਆ ਗਿਆ ਹੈ ਕਿ ਪਿੰਜੌਰ ਪੁਲਿਸ ਵਲੋਂ ਦਰਜ ਡੀ. ਡੀ. ਆਰ. 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੌਰੀ ਹਸਪਤਾਲ, ਪਿੰਜੌਰ ਨੇ ਗੰਭੀਰ ਰੂਪ ਨਾਲ ਜ਼ਖ਼ਮੀ ਜਵੰਦਾ ਨੂੰ ਸਮੇਂ 'ਤੇ ਮੁੱਢਲਾ ਇਲਾਜ਼ (ਫ਼ਰਸਟ ਏਡ) ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਇਸ ਘਟਨਾ ਨੂੰ ਲੈ ਕੇ 'ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ' ਸੰਗਠਨ ਨੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਖੇਤਰਾਂ ਦੇ ਕਈ ਹਸਪਤਾਲਾਂ 'ਚ ਡਾਕਟਰਾਂ ਵਲੋਂ ਅਜਿਹੀ ਅਸੰਵੇਦਨਸ਼ੀਲਤਾ ਤੇ ਲਾਪਰਵਾਹੀ ਵਧ ਰਹੀ ਹੈ | ਸੰਗਠਨ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਇਹ ਅਰਜ਼ੀ 27 ਅਕਤੂਬਰ 2025 ਨੂੰ ਦੀਵਾਲੀ ਤੋਂ ਬਾਅਦ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ | ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਕੋਈ ਵੀ ਹਸਪਤਾਲ ਕਿਸੇ ਜ਼ਖ਼ਮੀ ਵਿਅਕਤੀ ਨੂੰ ਮੁੱਢਲਾ ਇਲਾਜ਼ ਦੇਣ ਤੋਂ ਇਨਕਾਰ ਨਾ ਕਰੇ |