ਮਮਦੋਟ (ਫ਼ਿਰੋਜ਼ਪੁਰ), 17 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਕੜਮਾਂ ਵਿਖੇ ਇਕ ਘਰ ਵਿਚ ਜ਼ਬਰਦਸਤ ਧਮਾਕਾ ਹੋਣ ਕਾਰਨ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਇਸ ਧਮਾਕੇ ਨਾਲ ਪੂਰਾ ਘਰ ਮਲਬੇ ਵਿਚ ਤਬਦੀਲ ਹੋ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਦੁਕਾਨਦਾਰ ਕਾਲਾ ਪੁੱਤਰ ਸ਼ੇਰਾ ਪਟਾਕੇ ਵੇਚਣ ਦਾ ਕੰਮ ਕਰਦਾ ਹੈ | ਉਸ ਵਲੋਂ ਸ਼ਾਇਦ ਆਪਣੇ ਘਰ ਵਿਚ ਪਟਾਕੇ ਬਣਾਉਣ ਲਈ ਪੋਟਾਸ਼ ਜਮ੍ਹਾਂ ਕੀਤੀ ਹੋਈ ਸੀ, ਜਿਸ ਕਾਰਨ ਘਰ ਵਿਚ ਜ਼ਬਰਦਸਤ ਧਮਾਕਾ ਹੋ ਗਿਆ | ਇਸ ਧਮਾਕੇ ਨਾਲ ਕਾਲਾ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ | ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ ਧਮਾਕੇ ਨਾਲ ਤਿੰਨ ਚਾਰ ਕਮਰਿਆਂ ਦਾ ਘਰ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਗਿਆ ਹੈ ਅਤੇ ਆਂਢ-ਗੁਆਂਢ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਮਮਦੋਟ ਦੀ ਪੁਲਿਸ ਮੌਕੇ 'ਤੇ ਪਹੁੰਚੀ ਹੈ | ਪ੍ਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਅਣ-ਅਧਿਕਾਰਤ ਤੌਰ 'ਤੇ ਪਟਾਕੇ ਬਣਾਉਣ ਅਤੇ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਫਿਰ ਰਿਹਾਇਸ਼ੀ ਖੇਤਰ ਵਿਚ ਪਟਾਕੇ ਬਣਾਉਣ ਦਾ ਕੰਮ ਕਿਵੇਂ ਚੱਲ ਰਿਹਾ ਸੀ |