ਗਾਂਧੀਨਗਰ, 17 ਅਕਤੂਬਰ (ਪੀ. ਟੀ. ਆਈ.)-ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸ਼ੁੱਕਰਵਾਰ ਨੂੰ 19 ਵਿਧਾਇਕਾਂ ਨੂੰ ਮੰਤਰੀ ਬਣਾ ਕੇ ਆਪਣੀ ਕੈਬਨਿਟ 'ਚ ਫੇਰਬਦਲ ਕੀਤਾ, ਜਿਸ ਨਾਲ ਉਨ੍ਹਾਂ ਦੀ ਮੰਤਰੀਆਂ ਦੀ ਕੌਂਸਲ 'ਚ ਕੁੱਲ ਮੈਂਬਰ ਾਂ ਦੀ ਗਿਣਤੀ 26 ਹੋ ਗਈ ਹੈ ਅਤੇ ਗ੍ਰਿਹ ਰਾਜ ਮੰਤਰੀ ਹਰਸ਼ ਸੰਘਵੀ ਨੂੰ ਪਦਉਨਤ ਕਰਕੇ ਉਪ-ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ | ਗੁਜਰਾਤ ਦੇ ਰਾਜਪਾਲ ਦੇਵਵਰਤ ਨੇ ਨਵੇਂ ਮੰਤਰੀਆਂ ਦੇ ਨਾਲ-ਨਾਲ ਕੈਬਨਿਟ ਪੱਧਰ 'ਤੇ ਪਦਉਨਤ ਅਤੇ ਰਾਜ ਮੰਤਰੀਆਂ ਨੂੰ ਸੁਤੰਤਰ ਚਾਰਜ ਵਾਲੇ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ | ਸੂਰਤ ਸ਼ਹਿਰ ਦੇ ਮੁੰਜਾਰਾ ਵਿਧਾਨ ਸਭਾ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਸੰਘਵੀ ਨੇ ਉਪ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ | ਹੁਣ ਤੱਕ ਉਹ ਗ੍ਰਹਿ ਰਾਜ ਮੰਤਰੀ ਦੇ ਅਹੁਦੇ 'ਤੇ ਸਨ | ਸੰਘਵੀ ਅਤੇ ਪੰਜ ਹੋਰ ਵਿਧਾਇਕ, ਜੋ ਪਿਛਲੀ ਭੁਪਿੰਦਰ ਪਟੇਲ ਦੀ ਅਗਵਾਈ ਵਾਲੀ ਕੈਬਨਿਟ ਦਾ ਹਿੱਸਾ ਸਨ, ਮੰਤਰੀ ਕੌਂਸਲ 'ਚ ਟਿਕੇ ਹੋਏ ਹਨ | ਬੇਸ਼ੱਕ ਵੀਰਵਾਰ ਨੂੰ ਸਾਰੇ 16 ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ, ਪ੍ਰੰਤੂ ਇਨ੍ਹਾਂ 'ਚੋਂ 6 ਮੰਤਰੀਆਂ ਦੇ ਅਸਤੀਫ਼ੇ ਮੁੱਖ ਮੰਤਰੀ ਨੇ ਸਵੀਕਾਰ ਨਹੀਂ ਕੀਤੇ ਸਨ | ਇਨ੍ਹਾਂ 6 ਮੰਤਰੀਆਂ 'ਚੋਂ ਤਿੰਨ ਕਨੂਭਾਈ ਪਟੇਲ, ਰੂਸ਼ੀਕੇਸ਼ ਪਟੇਲ ਅਤੇ ਕੁੰਵਰਜੀ ਬਾਵਲੀਆ ਪਹਿਲਾਂ ਕੈਬਨਿਟ ਮੰਤਰੀ ਸਨ, ਜਦੋਂਕਿ ਸੰਘਵੀ, ਪ੍ਰਫੁਲ ਪਨਸ਼ੇਰੀਆ ਅਤੇ ਪੁਰਸ਼ੋਤਮ ਸੋਲੰਕੀ ਰਾਜ ਮੰਤਰੀ ਸਨ |