ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ 'ਤੇ ਦੇਸ਼ ਦੇ ਨਾਗਰਿਕਾਂ ਨੂੰ ਇਕ ਪੱਤਰ ਲਿਖਿਆ, ਜਿਸ 'ਚ ਆਪ੍ਰੇਸ਼ਨ ਸੰਧੂਰ ਦੀਆਂ ਸਫਲਤਾਵਾਂ ਤੇ ਨਕਸਲਵਾਦ ਵਿਰੁੱਧ ਲੜਾਈ ਨੂੰ ਉਜਾਗਰ ਕੀਤਾ ਗਿਆ ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਕ ਅਜਿਹੇ ਸਮੇਂ 'ਚ ਸਥਿਰਤਾ ਦੇ ਪ੍ਰਤੀਕ ਵਜੋਂ ਉਭਰਿਆ ਹੈ ਜਦੋਂ ਦੁਨੀਆ ਸੰਕਟਾਂ ਨਾਲ ਘਿਰੀ ਹੋਈ ਹੈ | ਪ੍ਰਧਾਨ ਮੰਤਰੀ ਨੇ ਵਸਤੂਆਂ ਤੇ ਸੇਵਾਵਾਂ ਟੈਕਸ ਦੀਆਂ ਦਰਾਂ ਘਟਾਉਣ ਦੇ ਫੈਸਲੇ ਨੂੰ ਆਪਣੀ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ 'ਚ ਸ਼ਾਮਿਲ ਕੀਤਾ ਤੇ ਕਿਹਾ ਕਿ ਨਾਗਰਿਕ 'ਜੀ.ਐਸ.ਟੀ. ਬਚਤ ਉਤਸਵ' ਦੌਰਾਨ ਹਜ਼ਾਰਾਂ ਕਰੋੜ ਰੁਪਏ ਬਚਾ ਰਹੇ ਹਨ | ਉਨ੍ਹਾਂ ਨਾਗਰਿਕਾਂ ਨੂੰ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ੀ ਅਪਣਾਉਣ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ, ਸਿਹਤ ਨੂੰ ਤਰਜੀਹ ਦੇਣ ਤੇ ਯੋਗ ਨੂੰ ਅਪਣਾਉਣ ਦੀ ਅਪੀਲ ਵੀ ਕੀਤੀ | ਮੋਦੀ ਨੇ ਆਪਣੇ ਪੱਤਰ, ਜੋ ਉਨ੍ਹਾਂ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ ਆਈ.ਐਨ.ਐਸ. ਵਿਕਰਾਂਤ 'ਤੇ ਜਲ ਸੈਨਾ ਦੇ ਕਰਮਚਾਰੀਆਂ ਨਾਲ ਦੀਵਾਲੀ ਮਨਾਉਣ ਤੋਂ ਇਕ ਦਿਨ ਬਾਅਦ ਲਿਖਿਆ ਸੀ, 'ਚ ਕਿਹਾ ਕਿ ਇਹ ਸਾਰੇ ਯਤਨ ਸਾਨੂੰ ਤੇਜ਼ੀ ਨਾਲ ਵਿਕਸਿਤ ਭਾਰਤ ਵੱਲ ਲੈ ਜਾਣਗੇ | ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਸ਼ੁਭ ਮੌਕੇ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ | ਇਹ ਤਿਉਹਾਰ ਊਰਜਾ ਤੇ ਉਤਸ਼ਾਹ ਨਾਲ ਭਰਿਆ ਹੈ | ਅਯੁੱਧਿਆ 'ਚ ਰਾਮ ਮੰਦਰ ਦੇ ਸ਼ਾਨਦਾਰ ਨਿਰਮਾਣ ਤੋਂ ਬਾਅਦ ਇਹ ਦੂਜੀ ਦੀਵਾਲੀ ਹੈ | ਭਗਵਾਨ ਸ੍ਰੀ ਰਾਮ ਸਾਨੂੰ ਮਰਿਆਦਾ ਕਾਇਮ ਰੱਖਣਾ ਸਿਖਾਉਂਦੇ ਹਨ ਤੇ ਸਾਨੂੰ ਅਨਿਆਂ ਨਾਲ ਲੜਨ ਦੀ ਹਿੰਮਤ ਵੀ ਦਿੰਦੇ ਹਨ |
ਭਾਰਤ ਨੇ ਮਰਿਆਦਾ ਨਿਭਾਈ, ਆਪ੍ਰੇਸ਼ਨ ਸੰਧੂਰ ਨਾਲ ਅਨਿਆਂ ਦਾ ਬਦਲਾ ਲਿਆ-ਮੋਦੀ <br/>
ਅਜੀਤ ਡੈਸਕ
22-10-2025