ਮਮਦੋਟ (ਫਿਰੋਜ਼ਪੁਰ), 22 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਅਵਾਨ ਵਿਖੇ ਪਰਿਵਾਰਕ ਜ਼ਮੀਨੀ ਵਿਵਾਦ ਦੇ ਚਲਦਿਆਂ ਹੋਈ ਲੜਾਈ ਵਿਚ ਪੁੱਤ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਂਢੂ ਗੰਭੀਰ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਮੁਤਾਬਿਕ ਮਿ੍ਤਕ ਕਲਗ਼ਾ ਸਿੰਘ ਜੋ ਆਪਣੇ ਪਿਤਾ ਅਤੇ ਭਰਾ ਤੋਂ ਪਰਿਵਾਰ ਸਮੇਤ ਵੱਖ ਰਹਿੰਦਾ ਸੀ ਅਤੇ ਉਸ ਦਾ ਆਪਣੇ ਪਿਤਾ ਅਤੇ ਭਰਾ ਨਾਲ ਪਰਿਵਾਰਕ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਦਾ ਸੀ, ਜਿਸ ਦੇ ਚਲਦਿਆਂ ਬੀਤੇ ਕੱਲ੍ਹ ਉਨ੍ਹਾਂ ਦਾ ਪਰਿਵਾਰ ਵਿਚ ਝਗੜਾ ਹੋ ਗਿਆ | ਇਸ ਝਗੜੇ ਵਿਚ ਕਲਗ਼ਾ ਸਿੰਘ ਅਤੇ ਉਸ ਦਾ ਸਾਂਢੂ ਲਵਪ੍ਰੀਤ ਸਿੰਘ ਜ਼ਖ਼ਮੀ ਹੋ ਗਏ ਸਨ | ਸੁਖਪ੍ਰੀਤ ਕੌਰ ਪਤਨੀ ਕਲਗ਼ਾ ਸਿੰਘ ਵਾਸੀ ਪਿੰਡ ਅਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ ਕਲਗ਼ਾ ਸਿੰਘ ਖੇਤ ਨੂੰ ਗੇੜਾ ਮਾਰਨ ਗਿਆ ਸੀ, ਜਿਥੇ ਉਸ ਦਾ ਆਪਣੇ ਪਿਤਾ ਮੁਖ਼ਤਿਆਰ ਸਿੰਘ, ਭਰਾ ਰਣਜੀਤ ਸਿੰਘ, ਮਾਤਾ ਹਰਜਿੰਦਰ ਕੌਰ ਪਤਨੀ ਮੁਖ਼ਤਿਆਰ ਸਿੰਘ ਅਤੇ ਬਲਜੀਤ ਕੌਰ ਪਤਨੀ ਰਣਜੀਤ ਸਿੰਘ ਉਸ ਨਾਲ ਝਗੜਨ ਲੱਗ ਪਏ, ਜਿਸ ਤੋ ਬਾਅਦ ਉਹ ਘਰ ਆ ਗਿਆ ਅਤੇ ਸ਼ਾਮ ਕਰੀਬ ਸਾਢੇ ਪੰਜ ਵਜੇ ਉਸ ਦਾ ਪਤੀ ਕਲਗ਼ਾ ਸਿੰਘ ਅਤੇ ਉਸ ਦਾ ਭਣਵਈਆਂ ਲਵਪ੍ਰੀਤ ਸਿੰਘ ਸਰਪੰਚ ਨੂੰ ਲੈਣ ਜਾ ਰਹੇ ਸੀ, ਜਿਸ ਦੌਰਾਨ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਉਹ ਘਰ ਤੋ ਬਾਹਰ ਆਈ ਤਾਂ ਦੇਖਿਆ ਕੇ ਉਸ ਦੇ ਪਤੀ ਕਲਗ਼ਾ ਸਿੰਘ ਅਤੇ ਭਣਵਈਏ ਲਵਪ੍ਰੀਤ ਸਿੰਘ ਨੂੰ ਮੁਖ਼ਤਿਆਰ ਸਿੰਘ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਮੁੱਢਲੇ ਸਿਹਤ ਕੇਂਦਰ ਅਤੇ ਫਿਰ ਏਮਜ਼ ਹਸਪਤਾਲ ਬਠਿੰਡਾ ਲਿਜਾਇਆ ਗਿਆ, ਜਿਥੇ ਕਲਗ਼ਾ ਸਿੰਘ ਦੀ ਮੌਤ ਹੋ ਗਈ | ਥਾਣਾ ਲੱਖੋ ਕੇ ਬਹਿਰਾਮ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਮਿ੍ਤਕ ਕਲਗ਼ਾ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮੁਖ਼ਤਿਆਰ ਸਿੰਘ ਪੁੱਤਰ ਉਜਾਗਰ ਸਿੰਘ, ਹਰਜਿੰਦਰ ਕੌਰ ਪਤਨੀ ਮੁਖ਼ਤਿਆਰ ਸਿੰਘ, ਰਣਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਅਤੇ ਬਲਜੀਤ ਕੋਰ ਪਤਨੀ ਰਣਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਲੜਾਈ ਦੌਰਾਨ ਕਿਹੜੇ ਹਥਿਆਰਾਂ ਦੀ ਵਰਤੋ ਹੋਈ ਹੈ, ਉਸ ਸੰਬੰਧੀ ਪੜਤਾਲ ਜਾਰੀ ਹੈ |