ਹਰੀਕੇ ਪੱਤਣ (ਤਰਨ ਤਾਰਨ), 22 ਅਕਤੂਬਰ (ਸੰਜੀਵ ਕੁੰਦਰਾ)-ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਨੱਥੂਪੁਰ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਸਾਬਕਾ ਫ਼ੌਜੀ ਨੇ ਚਚੇਰੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਮਿ੍ਤਕ ਰਣਜੀਤ ਸਿੰਘ ਰਾਣਾ ਪੁੱਤਰ ਬਲੀ ਸਿੰਘ ਵਾਸੀ ਨੱਥੂਪੁਰ ਦੀ ਪਤਨੀ ਰਾਜਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਜੋ ਕਿ ਸਾਬਕਾ ਫ਼ੌਜੀ ਹੈ ਤੇ ਮੇਰੇ ਪਤੀ ਰਣਜੀਤ ਸਿੰਘ ਦਾ ਚਚੇਰਾ ਭਰਾ ਹੈ, ਨਾਲ ਪਿਛਲੇ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ ਤੇ ਹਰਪਾਲ ਸਿੰਘ ਸਾਨੂੰ ਉਸ ਵਕਤ ਤੋਂ ਹੀ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ | ਅੱਜ ਸਵੇਰੇ ਹਰਪਾਲ ਸਿੰਘ ਸਾਡੇ ਘਰ ਦੇ ਮੁੱਖ ਗੇਟ ਦੇ ਬਾਹਰ ਗਲੀ ਵਿਚ ਖੜ ਕੇ ਮੇਰੇ ਪਤੀ ਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਜਦੋਂ ਮੈਂ, ਮੇਰਾ ਪਤੀ ਰਣਜੀਤ ਸਿੰਘ ਅਤੇ ਮੇਰਾ ਜੇਠ ਹਰਨੇਕ ਸਿੰਘ ਬਾਹਰ ਗਲੀ ਵਿਚ ਪਹੁੰਚੇ ਤਾਂ ਅਸੀਂ ਦੇਖਿਆ ਕਿ ਸਾਡੇ ਘਰ ਸਾਹਮਣੇ ਗਲੀ ਵਿਚ ਹਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਦੁਨਾਲੀ ਬੰਦੂਕ ਅਤੇ ਮੰਗਤ ਸਿੰਘ ਪੁੱਤਰ ਤੇਜਾ ਸਿੰਘ, ਜਸਬੀਰ ਕੌਰ ਪਤਨੀ ਮੰਗਤ ਸਿੰਘ, ਜੰਗ ਸਿੰਘ ਪੁੱਤਰ ਤੇਜਾ ਸਿੰਘ, ਸੁਖਬੀਰ ਕੌਰ ਪਤਨੀ ਹਰਪਾਲ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਬਲਕਾਰ ਸਿੰਘ ਸਾਰੇ ਵਾਸੀ ਨੱਥੂਪੁਰ ਡਾਂਗਾਂ ਅਤੇ ਤੇਜ਼ਧਾਰ ਹਥਿਆਰ ਲੈ ਕੇ ਖੜ੍ਹੇ ਸਨ | ਇਨ੍ਹਾਂ ਸਾਰਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਬਲਕਾਰ ਸਿੰਘ ਨੇ ਆਪਣੀ ਦੁਨਾਲੀ ਬੰਦੂਕ ਨਾਲ ਮੇਰੇ ਪਤੀ ਰਣਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ | ਰਾਜਦੀਪ ਕੌਰ ਨੇ ਦੱਸਿਆ ਕਿ ਅਸੀਂ ਤੁਰੰਤ ਰਣਜੀਤ ਸਿੰਘ ਨੂੰ ਤਰਨ ਤਾਰਨ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ | ਚੋਹਲਾ ਸਾਹਿਬ ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ 'ਤੇ ਹਰਪਾਲ ਸਿੰਘ, ਮੰਗਤ ਸਿੰਘ, ਜਸਬੀਰ ਕੌਰ, ਜੰਗ ਸਿੰਘ, ਸੁਖਬੀਰ ਕੌਰ ਤੇ ਸੁਖਚੈਨ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂਕਿ ਸਾਬਕਾ ਫ਼ੌਜੀ ਬਲਕਾਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |