ਖਮਾਣੋਂ (ਫ਼ਤਹਿਗੜ੍ਹ ਸਾਹਿਬ), 22 ਅਕਤੂਬਰ (ਜੋਗਿੰਦਰ ਪਾਲ)-ਦੀਵਾਲੀ ਦੀ ਰਾਤ ਖਮਾਣੋਂ ਦੇ ਵਾਰਡ ਨੰ. 6 ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਨੂੰ ਉਕਤ ਵਾਰਡ ਦੇ ਦੋ ਵਿਅਕਤੀਆਂ ਦਾ ਆਪਸ ਵਿਚ ਤਕਰਾਰ ਹੋ ਗਿਆ, ਜੋ ਸਵੇਰੇ ਕਤਲ ਦਾ ਰੂਪ ਧਾਰਨ ਕਰ ਗਿਆ | ਅਮਨਦੀਪ ਸਿੰਘ (45) ਪੁੱਤਰ ਰਾਮ ਸਿੰਘ ਦੀ ਪਤਨੀ ਅਨੁਸਾਰ ਦੀਵਾਲੀ ਦੀ ਰਾਤ ਨੂੰ ਉਨ੍ਹਾਂ ਦੇ ਗੁਆਂਢ ਦੇ ਨੌਜਵਾਨ ਵਰਿੰਦਰ ਸਿੰਘ ਵਿੰਕੀ ਨੇ ਉਸ ਦੇ ਪਤੀ ਨਾਲ ਦੀਵਾਲੀ ਵਾਲੀ ਰਾਤ ਨੂੰ ਕਥਿਤ ਤੌਰ 'ਤੇ ਗਾਲੀ ਗਲੋਚ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਰਾਤ ਵੇਲੇ ਹੀ ਖਮਾਣੋਂ ਪੁਲਿਸ ਨੂੰ ਦੇ ਦਿੱਤੀ ਪਰ ਸਵੇਰੇ ਜਦੋਂ ਅਮਨਦੀਪ ਸਿੰਘ ਆਪਣੇ ਘਰ ਤੋਂ ਕੁੱਤਾ ਘੁਮਾਉਣ ਲਈ ਗਿਆ ਤਾਂ ਉਕਤ ਗੁਆਂਢੀ ਨੌਜਵਾਨ ਨੇ ਅਮਨਦੀਪ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਿਆਂ ਬਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਉਕਤ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਖਮਾਣੋਂ ਵਿਖੇ ਲਿਜਾਇਆ ਗਿਆ, ਜਿਸ ਉਪਰੰਤ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਪਰ ਉਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ |