17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੰਜਾਬ 'ਚ ਪਸ਼ੂਆਂ ਨੂੰ ਮੁੜ ਚਿੰਬੜਣ ਲੱਗੀ 'ਲੰਪੀ ਸਕਿੰਨ' ਦੀ ਜਾਨਲੇਵਾ ਬਿਮਾਰੀ <br/>

ਅਜੀਤ ਡੈਸਕ 23-10-2025
ਬਠਿੰਡਾ, 22 ਅਕਤੂਬਰ-ਪੰਜਾਬ ਅੰਦਰ ਦੁਧਾਰੂ ਪਸ਼ੂਆਂ ਖ਼ਾਸਕਰ ਗਾਵਾਂ ਨੂੰ 'ਲੰਪੀ ਸਕਿੰਨ' (ਫੋੜੇ ਵਰਗੇ ਧੱਫੜ ਹੋਣਾ) ਦੀ ਬਿਮਾਰੀ ਮੁੜ ਚਿੰਬੜਣ ਲੱਗੀ ਹੈ, ਜਿਸ ਕਾਰਨ ਪਸ਼ੂ ਪਾਲਕਾਂ ਦੇ ਸਾਹ ਸੁੱਕਣ ਲੱਗੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸੂਬੇ ਦੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਉਲਝਾਇਆ ਹੋਇਆ ਹੈ, ਜਿਸ ਕਾਰਨ 'ਲੰਪੀ ਸਕਿੰਨ' ਦੀ ਰੋਕਥਾਮ ਦਾ ਟੀਕਾਕਰਨ ਪ੍ਰਭਾਵਿਤ ਹੋ ਰਿਹਾ ਹੈ | ਇਥੇ ਹੀ ਬਸ ਨਹੀਂ ਪਸ਼ੂਆਂ ਵਿਚ ਫੈਲਣ ਵਾਲੀ ਮੂੰਹ-ਖੁਰ ਦੀ ਬਿਮਾਰੀ ਦੇ ਟੀਕਾਕਰਨ ਦਾ ਕੰਮ ਵੀ ਅੱਧ ਅਕਤੂਬਰ ਤੋਂ ਚੱਲਿਆ ਹੋਇਆ, ਜਿਸ ਨੂੰ ਡੇਢ ਮਹੀਨੇ ਦੇ ਤੈਅ ਸ਼ੁਦਾ ਸਮੇਂ ਵਿਚ ਨੇਪਰੇ ਚਾੜ੍ਹਨਾ ਹੁੰਦਾ ਹੈ ਪਰ ਇਸ ਕੰਮ ਨੂੰ ਨੇਪਰੇ ਚਾੜਣ ਵਾਲੇ ਵੈਟਰਨਰੀ ਇੰਸਪੈਕਟਰਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਤੋਂ ਰੋਕਣ ਲਈ ਦਿਨ ਚੜ੍ਹਦੇ ਹੀ ਕਿਸਾਨਾਂ ਦੇ ਖੇਤਾਂ ਦੇ ਚੱਕਰ ਲਗਾਉਣ ਦੇ ਹੁਕਮ ਚਾੜੇ ਗਏ ਹਨ, ਜਿਸ ਕਾਰਨ ਇਹ ਅਮਲਾ ਪਸ਼ੂ ਹਸਪਤਾਲਾਂ ਜਾਂ ਪਸ਼ੂਆਂ ਦਾ ਟੀਕਾਕਰਨ ਦੀ ਬਜਾਏ ਅਕਸਰ ਖੇਤਾਂ ਵਿਚ ਦੇਖਿਆ ਜਾ ਸਕਦਾ ਹੈ ਅਤੇ ਇਸ ਅਮਲੇ ਦੀ ਘਾਟ ਕਾਰਨ ਆਉਣ ਵਾਲੇ ਦਿਨਾਂ ਅੰਦਰ 'ਲੰਪੀ ਸਕਿੰਨ' ਅਤੇ ਮੂੰਹ ਖੁਰ ਦੀ ਭਿਆਨਕ ਬਿਮਾਰ ਸੂਬੇ ਦੇ ਪਸ਼ੂ ਧਨ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ | ਜਾਣਕਾਰੀ ਅਨੁਸਾਰ 'ਲੰਪੀ ਸਕਿੰਨ' ਦੀ ਬਿਮਾਰੀ ਦੇ ਲੱਛਣ ਪੰਜਾਬ ਦੀ ਬਠਿੰਡਾ ਵਾਲੇ ਪਾਸੇ ਤੋਂ ਗੁਆਂਢੀ ਸੂਬੇ ਹਰਿਆਣਾ ਨਾਲ ਲੱਗਦੀ ਹੱਦ ਨੇੜਲੇ ਪੰਜਾਬ ਦੇ ਪਿੰਡ ਮਲਕਾਣਾ, ਜੱਜਲ, ਗਾਟਵਾਲੀ, ਕਲਾਲਵਾਲਾ, ਗਹਿਲੇਵਾਲਾ, ਸੇਖੂ ਅਤੇ ਭਾਗੀਵਾਂਦਰ ਦੇ ਪਸ਼ੂ ਪਾਲਕਾਂ ਦੇ ਪਸ਼ੂਆਂ ਵਿਚ ਸਾਹਮਣੇ ਆਏ ਹਨ | ਇਸ ਸੰਬੰਧੀ ਵਿਭਾਗ ਦੇ ਅਮਲੇ ਨੇ ਦਾਅਵਾ ਕੀਤਾ ਕਿ ਉਹ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਵਿਚ ਜੁਟੇ ਹੋਏ ਹਨ ਪਰ ਪਸ਼ੂ ਪਾਲਕਾਂ ਅਨੁਸਾਰ ਸਚਾਈ ਇਹ ਹੈ ਕਿ ਉਕਤ ਅਮਲਾ ਪਰਾਲੀ ਦੇ ਮਾਮਲੇ ਵਿਚ ਉਲਝਾਇਆ ਹੋਣ ਕਰਕੇ ਪਸ਼ੂਆਂ ਦੇ ਇਲਾਜ ਲਈ ਪੂਰਾ ਸਮਾਂ ਨਹੀਂ ਕੱਢ ਰਿਹਾ, ਜਿਸ ਕਾਰਨ ਉਨ੍ਹਾਂ ਦੇ ਪਸ਼ੂਆਂ ਦਾ ਸਮੇਂ ਸਿਰ ਇਲਾਜ ਨਾ ਹੋਣ ਕਰਕੇ ਉਨ੍ਹਾਂ ਨੂੰ ਪਹਿਲਾਂ ਵਾਂਗੂ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ |
ਹੇਠਲੇ ਅਮਲੇ ਉਪਰ ਸੁੱਟੀ ਜਾ ਰਹੀ ਗਾਜ
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਪਰਾਲੀ ਪ੍ਰਬੰਧਨ ਵਿਚ ਪਹਿਲਾਂ ਪਸ਼ੂ ਪਾਲਣ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਦਫ਼ਤਰੀ ਬਾਬੂਆਂ ਦੀਆਂ ਡਿਊਟੀਆਂ ਲੱਗੀਆਂ ਸਨ ਪਰ ਉਨ੍ਹਾਂ ਆਪਣਾ ਅਸਰ ਰਸੂਖ਼ ਵਰਤ ਕੇ ਆਪਣੀਆਂ ਡਿਊਟੀਆਂ ਪਰਾਲੀ ਪ੍ਰਬੰਧਨ 'ਚੋਂ ਕਟਵਾ ਕੇ ਇਹ ਗਾਜ ਹੇਠਲੇ ਅਮਲੇ ਉਪਰ ਸੁੱਟ ਦਿੱਤੀ ਹੈ, ਜਦਕਿ ਵਿਭਾਗ ਦੇ ਹਰ ਤਰ੍ਹਾਂ ਦੇ ਟੀਕਾਕਰਨ ਦੀ ਮੁਹਿੰਮ ਇਸ ਹੇਠਲੇ ਅਮਲੇ ਦੇ ਦੁਆਲੇ ਹੀ ਘੁੰਮਦੀ ਹੈ |
ਟੀਕਾਕਰਨ 'ਤੇ ਲਗਾਇਆ ਜਾਵੇ ਪੂਰਾ ਧਿਆਨ-ਰਾਮਾਂ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੈਟਰਨਰੀ ਇੰਸਪੈਕਟਰਾਂ ਤੋਂ ਪਰਾਲੀ ਪ੍ਰਬੰਧਨ ਵਰਗਾ ਬੇਲੋੜਾਂ ਕੰਮ ਲੈਣ ਦੀ ਬਜਾਏ ਉਨ੍ਹਾਂ ਨੂੰ ਪੂਰਾ ਸਮਾਂ 'ਲੰਪੀ ਸਕਿੰਨ' ਅਤੇ ਮੂੰਹ ਖੁਰ ਦੇ ਟੀਕਾਕਰਨ ਵਿਚ ਲਗਾਇਆ ਜਾਵੇਗਾ, ਨਹੀਂ ਤਾਂ ਉਹ ਪਸ਼ੂ ਪਾਲਕਾਂ ਨੂੰ ਨਾਲ ਲੈ ਕੇ ਸਰਕਾਰ ਅਤੇ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹਣ ਲਈ ਮਜਬੂਰ ਹੋਣਗੇ |

ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ 'ਦਿ ਸਿੰਘ ਟਵਿਨਸ' ਨੇ ਕੀਤੀ ਅੰਮਿ੍ਤਸਰ ਦੀ ਵਿਰਾਸਤੀ ਸੈਰ <br/> ਅਗਲੀ ਖ਼ਬਰ ਅਮਰਜੀਤਪੁਰ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।