ਔਰੰਗਾਬਾਦ, 23 ਅਕਤੂਬਰ (ਪੀ. ਟੀ. ਆਈ.)-ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਐੱਨ.ਡੀ.ਏ ਦੇ 'ਵਿਕਾਸ' ਅਤੇ ਇੰਡੀਆ ਗੱਠਜੋੜ ਦੇ 'ਵਿਨਾਸ਼' ਦੇ ਵਿਚਾਲੇ ਲੜਾਈ ਹੋਵੇਗੀ | ਔਰੰਗਾਬਾਦ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਉਸ 'ਤੇ 'ਇਕ ਪਰਜੀਵੀ ਪਾਰਟੀ ਹੋਣ ਦਾ ਦੋਸ਼ ਲਗਾਇਆ ਜੋ ਆਪਣੇ ਜੂਨੀਅਰ ਗਠਜੋੜ ਸਹਿਯੋਗੀਆਂ ਨੂੰ ਖ਼ਤਮ ਕਰ ਦਿੰਦੀ ਹੈ |' ਸੀਨੀਅਰ ਭਾਜਪਾ ਆਗੂ ਨੇ ਰਾਜਦ 'ਤੇ ਹਮਲਾ ਬੋਲਦਿਆਂ ਕਿਹਾ ਕਿ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਪਾਰਟੀ 'ਜਬਰੀ ਵਸੂਲੀ', 'ਜੰਗਲ ਰਾਜ' ਅਤੇ 'ਦਾਦਾਗਿਰੀ' ਦਾ ਪ੍ਰਤੀਕ ਹੈ | ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਹਿਜਰਤ ਰੋਕਣ ਦੇ ਰਾਜਦ ਆਗੂ ਤੇਜਸਵੀ ਯਾਦਵ ਦੇ ਵਾਅਦੇ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਰਾਜਦ ਅਜਿਹੇ ਵਾਅਦੇ ਉਨ੍ਹਾਂ ਜ਼ਮੀਨ ਦੇ ਬਦਲੇ ਨੌਕਰੀ ਘੁਟਾਲੇ 'ਚ ਪਾਰਟੀ ਦੀ ਕਥਿਤ ਸ਼ਮੂਲੀਅਤ ਦੀ ਯਾਦ ਦਿਵਾਉਂਦੇ ਹਨ | ਬਿਹਾਰ 'ਚ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੇ ਰਾਜਦ ਦੇ ਚੋਣ ਵਾਅਦੇ ਦੀ ਆਲੋਚਨਾ ਕਰਦਿਆਂ ਨੱਢਾ ਨੇ ਜਾਨਣਾ ਚਾਹਿਆ ਕਿ ਤਨਖ਼ਾਹ ਦੇਣ ਲਈ ਪੈਸੇ ਕਿਥੋਂ ਆਉਂਣਗੇ | ਉਨ੍ਹਾਂ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਮੁਹੰਮਦ ਸ਼ਹਾਬੂਦੀਨ ਦੇ ਬੇਟੇ ਓਸਾਮਾ ਸ਼ਹਾਬ ਨੂੰ ਚੋਣਾਂ 'ਚ ਟਿਕਟ ਦੇਣ ਦੇ ਲਈ ਵੀ ਰਾਜਦ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਪਾਰਟੀ ਬਿਹਾਰ ਦੇ ਲਈ ਕਿੰਨੀ ਕੁ ਚਿੰਤਾਤੁਰ ਹੈ | ਨੱਢਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪਿਛਲੇ 20 ਸਾਲਾਂ 'ਚ ਬਿਹਾਰ ਨੂੰ 'ਜੰਗਲ ਰਾਜ' ਤੋਂ ਮੁਕਤ ਕਰਵਾਇਆ ਹੈ | ਉਨ੍ਹਾਂ ਨੇ ਕਿਹਾ,' ਇਸ ਚੋਣ 'ਚ ਲੜਾਈ 'ਵਿਕਾਸ' ਅਤੇ 'ਵਿਨਾਸ਼' ਵਿਚਾਲੇ ਹੈ |
ਬਿਹਾਰ ਚੋਣਾਂ ਵਿਕਾਸ ਅਤੇ ਵਿਨਾਸ਼ ਵਿਚਲੀ ਲੜਾਈ-ਨੱਢਾ <br/>
ਅਜੀਤ ਡੈਸਕ
24-10-2025