ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਰੋਹਿਣੀ ਇਲਾਕੇ ਵਿਚ ਬੀਤੀ ਰਾਤ ਮੁਕਾਬਲੇ ਵਿਚ ਬਿਹਾਰ ਦੇ 4 ਅਤਿ-ਲੋੜੀਂਦੇ ਗੈਂਗਸਟਰ ਮਾਰੇ ਗਏ | ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਦੀ ਸਾਂਝੀ ਟੀਮ ਨੇ ਬਹਾਦਰ ਸ਼ਾਹ ਜਫ਼ਰ ਮਾਰਗ 'ਤੇ ਇਹ ਕਾਰਵਾਈ ਕੀਤੀ | ਸਵੇਰੇ 2.20 ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਉਸ ਸਮੇਂ ਚਰਚਾ ਵਿਚ ਆਇਆ ਜਦੋਂ ਚਾਰੇ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਜਵਾਬੀ ਕਾਰਵਾਈ ਵਿਚ ਪੁਲਿਸ ਨੇ ਚਾਰਾਂ ਨੂੰ ਢੇਰ ਕਰ ਦਿੱਤਾ | ਗੈਂਗਸਟਰਾਂ ਨੂੰ ਤੁਰੰਤ ਰੋਹਿਣੀ ਦੇ ਡਾ. ਬੀ.ਐਸ.ਏ. ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ | ਇਹ ਸਾਰੇ ਬਦਨਾਮ 'ਸਿਗਮਾ ਐਂਡ ਕੰਪਨੀ' ਗਰੋਹ ਦੇ ਮੈਂਬਰ ਸਨ | ਇਨ੍ਹਾਂ ਦੀ ਪਛਾਣ ਰੰਜਨ ਪਾਠਕ, ਬਿਮਲੇਸ਼ ਮਹਤੋ, ਮੁਨੀਸ਼ ਪਾਠਕ ਅਤੇ ਅਮਨ ਠਾਕੁਰ ਵਜੋਂ ਹੋਈ ਹੈ | ਪੁਲਿਸ ਅਨੁਸਾਰ ਇਹ ਗੈਂਗ ਬਿਹਾਰ ਅਤੇ ਨਿਪਾਲ ਵਿਚ ਕਈ ਗੰਭੀਰ ਅਪਰਾਧਿਕ ਘਟਨਾਵਾਂ ਵਿਚ ਸ਼ਾਮਿਲ ਸੀ | ਗਰੋਹ ਦਾ ਮੁੱਖੀ ਰੰਜਨ ਪਾਠਕ ਸੀ | ਪੁਲਿਸ ਨੂੰ ਇਕ ਆਡੀਓ ਕਾਲ ਵਿਚ ਚੋਣਾਂ ਤੋਂ ਪਹਿਲਾਂ ਬਿਹਾਰ ਵਿਚ ਦਹਿਸ਼ਤ ਫੈਲਾਉਣ ਦੀ ਇਸ ਗਰੋਹ ਦੀ ਸਾਜਿਸ਼ ਦਾ ਪਤਾ ਲੱਗਿਆ ਸੀ |