ਨਿਊਯਾਰਕ, 23 ਅਕਤੂਬਰ (ਪੀ.ਟੀ.ਆਈ.)-ਇਕ ਅਮਰੀਕੀ ਸੰਸਦ ਮੈਂਬਰ ਨੇ ਜੰਗੀ ਮਾਮਲਿਆ ਦੇ ਮੁਖੀ ਨੂੰ ਪੱਤਰ ਲਿਖਿਆ ਹੈ, ਜਿਸ 'ਚ ਅਮਰੀਕੀ ਫ਼ੌਜ ਦੇ ਸੈਨਿਕਾਂ ਲਈ ਜਾਰੀ ਕੀਤੀ ਗਈ ਦਾੜੀ ਸੰਬੰਧੀ ਨੀਤੀ 'ਤੇ ਪੁਨਰ ਵਿਚਾਰ ਦੀ ਅਪੀਲ ਕੀਤੀ ਗਈ ਹੈ | ਅਸਲ 'ਚ ਅਮਰੀਕੀ ਫ਼ੌਜ ਵਿਚ ਸੇਵਾ ਨਿਭਾ ਰਹੇ ਸਿੱਖ ਸੈਨਿਕ ਨਵੀਂ ਨੀਤੀ ਬਾਰੇ ਕਾਫ਼ੀ ਚਿੰਤਤ ਹਨ | ਨਵੀਂ ਨੀਤੀ ਵਿਚ ਸਾਰੇ ਅਮਰੀਕੀ ਸੈਨਿਕਾਂ ਨੂੰ ਆਪਣੀਆਂ ਦਾੜ੍ਹੀਆਂ ਕੱਟਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ | ਅਮਰੀਕੀ ਕਾਂਗਰਸਮੈਨ ਥਾਮਸ ਸੂਜ਼ੀ ਨੇ ਪੀਟ ਹੈਗਸੇਥ ਨੂੰ ਲਿਖੇ ਇਕ ਪੱਤਰ ਵਿਚ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖ ਧਰਮ ਵਿਚ ਵਾਲ ਅਤੇ ਦਾੜ੍ਹੀ ਰੱਖਣਾ ਜ਼ਰੂਰੀ ਹੈ ਅਤੇ ਇਹ ਸਿੱਖ ਧਰਮ ਦਾ ਇਕ ਬੁਨਿਆਦੀ ਸਿਧਾਂਤ ਹੈ | ਹਾਲ ਹੀ ਵਿਚ ਜੰਗੀ ਮਾਮਲਿਆਂ ਦੇ ਮੁਖੀ ਪੀਟ ਹੈਗਸੇਥ ਨੂੰ ਲਿਖੇ ਇਕ ਪੱਤਰ ਵਿਚ ਕਾਂਗਰਸਮੈਨ ਥਾਮਸ ਆਰ. ਸੂਜ਼ੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖ ਪੀੜ੍ਹੀਆਂ ਤੋਂ ਅਮਰੀਕੀ ਫ਼ੌਜੀਆਂ ਨਾਲ ਮਿਲ ਕੇ ਲੜਦੇ ਆ ਰਹੇ ਹਨ, ਜਿਸ ਵਿਚ ਪਹਿਲਾ ਅਤੇ ਦੂਜਾ ਵਿਸ਼ਵ ਯੁੱਧ ਵੀ ਸ਼ਾਮਿਲ ਹੈ | ਨਿਊਯਾਰਕ ਦੇ ਤੀਜੇ ਕਾਂਗਰਸ ਜ਼ਿਲ੍ਹੇ ਦੇ ਅਮਰੀਕੀ ਪ੍ਰਤੀਨਿਧੀ ਸੂਜ਼ੀ ਨੇ ਕਿਹਾ ਕਿ ਸਿੱਖਾਂ ਲਈ ਆਪਣੇ ਦੇਸ਼ ਦੀ ਸੇਵਾ ਕਰਨਾ ਇਕ ਪਵਿੱਤਰ ਫ਼ਰਜ਼ ਸਮਝਿਆ ਜਾਂਦ ਹੈ ਜੋ ਸੰਤ-ਸਿਪਾਹੀ ਦੇ ਆਦਰਸ਼ ਦਾ ਪ੍ਰਤੀਕ ਹੈ | ਜਿਸ ਵਿਚ ਧਰਮ ਅਤੇ ਸੇਵਾ ਦਾ ਸੁਮੇਲ ਹੈ¢ ਸਿੱਖ ਧਰਮ ਆਪਣੇ ਪੈਰੋਕਾਰਾਂ ਨੂੰ ਰੱਬ ਦੇ ਸਾਹਮਣੇ ਸ਼ਰਧਾ ਅਤੇ ਬਰਾਬਰੀ ਦੇ ਪ੍ਰਤੀਕ ਵਜੋਂ ਬਿਨਾਂ ਕੱਟੇ ਵਾਲ ਅਤੇ ਦਾੜ੍ਹੀ ਰੱਖਣ ਲਈ ਕਹਿੰਦਾ ਹੈ | ਸੂਜ਼ੀ ਨੇ ਫ਼ੌਜੀ ਪੇਸ਼ੇਵਰਤਾ ਅਤੇ ਵਰਦੀ ਦੇ ਮਾਪਦੰਡਾਂ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਪਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਾਰਮਿਕ-ਆਧਾਰਿਤ ਜਾਂ ਮੈਡੀਕਲ ਛੋਟਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਝ ਸਿੱਖ, ਮੁਸਲਿਮ ਅਤੇ ਅਫ਼ਰੀਕੀ ਅਮਰੀਕੀ ਚੋਣਕਾਰਾਂ ਨੂੰ ਡਰ ਹੈ ਕਿ ਜੇ ਧਾਰਮਿਕ, ਸੱਭਿਆਚਾਰਕ ਜਾਂ ਮੈਡੀਕਲ ਛੋਟਾਂ ਤੋਂ ਬਿਨਾਂ ਦਾੜ੍ਹੀ 'ਤੇ ਪਾਬੰਦੀ ਲਾਗੂ ਕੀਤੀ ਜਾਂਦੀ ਹੈ, ਤਾਂ ਇਹ ਅਣਜਾਣੇ ਵਿਚ ਉਨ੍ਹਾਂ ਨੂੰ ਵਰਦੀ ਵਿਚ ਆਪਣੇ ਦੇਸ਼ ਦੀ ਸੇਵਾ ਕਰਨ ਤੋਂ ਰੋਕ ਸਕਦੀ ਹੈ | ਇਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਅਮਰੀਕੀ ਜਨਰਲ ਅਤੇ ਫਲੈਗ ਅਫਸਰਾਂ ਨੂੰ ਆਪਣੇ ਸੰਬੋਧਨ ਵਿਚ ਹੈਗਸੇਥ ਨੇ ਕਿਹਾ ਸੀ ਕਿ ਅਸੀਂ ਆਪਣੇ ਵਾਲ ਕਟਾਵਾਂਗੇ, ਆਪਣੀਆਂ ਦਾੜ੍ਹੀਆਂ ਕਟਾਵਾਂਗੇ, ਅਤੇ ਮਿਆਰਾਂ ਦੀ ਪਾਲਣਾ ਕਰਾਂਗੇ | ਗੈਰ-ਪੇਸ਼ੇਵਰ ਦਿੱਖ ਦਾ ਯੁੱਗ ਖਤਮ ਹੋ ਗਿਆ ਹੈ¢ ਹੁਣ ਕੋਈ ਦਾੜ੍ਹੀ ਵਾਲੇ ਨਹੀਂ | ਸੂਜ਼ੀ ਨੇ ਕਿਹਾ ਕਿ ਇਨ੍ਹਾਂ ਟਿੱਪਣੀਆਂ ਨੇ ਉਨ੍ਹਾਂ ਅਮਰੀਕੀਆਂ ਵਿਚ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦਾ ਧਰਮ ਜਾਂ ਡਾਕਟਰੀ ਸਥਿਤੀ ਚਿਹਰੇ ਦੇ ਵਾਲ ਰੱਖਣ ਦੀ ਮੰਗ ਕਰਦੀ ਹੈ | ਕਾਂਗਰਸਮੈਨ ਨੇ ਦੱਸਿਆ ਕਿ ਬਹੁਤ ਸਾਰੇ ਮੁਸਲਿਮ ਪੁਰਸ਼ਾਂ ਲਈ ਦਾੜ੍ਹੀ ਰੱਖਣਾ ਇਕ ਸੁੰਨਤ ਮੁਅੱਕਦਾਹ ਹੈ, ਇਕ ਸਿਫ਼ਾਰਸ਼ ਕੀਤਾ ਗਿਆ ਧਾਰਮਿਕ ਅਭਿਆਸ ਹੈ ਜੋ ਨਿਮਰਤਾ ਅਤੇ ਰੱਬ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫ਼ਰੀਕੀ ਅਮਰੀਕੀਆਂ ਲਈ ਵਾਲ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ¢