ਮੀਂਹਾਂ ਨਾਲ ਖ਼ਰਾਬ ਹੋਈ ਪਰਾਲੀ ਨੂੰ ਬੇਲਰਾਂ ਵਾਲਿਆਂ ਨੇ ਵੀ ਬੰਨ੍ਹਣ ਤੋਂ ਕੀਤਾ ਇਨਕਾਰ
ਜਲੰਧਰ, 23 ਅਕਤੂਬਰ (ਜਸਪਾਲ ਸਿੰਘ)-ਸੂਬੇ ਦੇ ਵੱਡੀ ਗਿਣਤੀ ਕਿਸਾਨਾਂ ਲਈ ਪਰਾਲੀ ਨੂੰ ਖਪਾਉਣਾ ਅੱਜ ਇਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਮੀਂਹਾਂ ਤੇ ਹੜ੍ਹਾਂ ਦੀ ਮਾਰ ਕਾਰਨ ਪਹਿਲਾਂ ਹੀ ਝੋਨੇ ਦੀ ਫਸਲ ਕਈ ਥਾਵਾਂ 'ਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਅਤੇ ਝੋਨੇ ਦਾ ਝਾੜ ਵੀ ਘੱਟ ਕੇ ਤੀਜਾ ਹਿੱਸਾ ਰਹਿ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ ਜਿਥੇ ਪ੍ਰਤੀ ਏਕੜ 8 ਤੋਂ 10 ਕੁਇੰਟਲ ਦਾ ਨੁਕਸਾਨ ਹੋ ਰਿਹਾ ਹੈ, ਉਥੇ ਪਰਾਲੀ ਵੀ ਕਾਫੀ ਹੱਦ ਤੱਕ ਨੁਕਸਾਨੀ ਗਈ ਹੈ | ਖਾਸ ਕਰਕੇ ਝੋਨੇ 'ਤੇ ਹੋਏ ਮੱਧਰੇ ਤੇ ਪੀਲੇ ਪੱਤੇ ਦੇ ਰੋਗ ਨੇ ਝੋਨੇ ਦੀ ਫਸਲ 'ਤੇ ਹੋਰ ਵੀ ਮਾਰੂ ਅਸਰ ਪਾਇਆ ਹੈ | ਇਸ ਨਾਲ ਝੋਨੇ ਦੀ ਪਰਾਲੀ ਇਸ ਕਦਰ ਖ਼ਰਾਬ ਹੋ ਗਈ ਹੈ ਕਿ ਇਸ ਨੂੰ ਨਾ ਤਾਂ ਬੇਲਰਾਂ ਵਾਲੇ ਬੰਨ੍ਹ ਰਹੇ ਹਨ ਤੇ ਨਾ ਹੀ ਇਹ ਪਸ਼ੂਆਂ ਦੇ ਚਾਰੇ ਦੇ ਕੰਮ ਆ ਰਹੀ ਹੈ | ਅਜਿਹੇ 'ਚ ਕਿਸਾਨਾਂ ਲਈ ਇਸ ਬੇਕਾਰ ਹੋ ਚੁੱਕੀ ਪਰਾਲੀ ਨੂੰ ਖਪਾਉਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ | ਖਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਇਸ ਸਮੱਸਿਆ ਨੇ ਸਾਹ ਸੂਤ ਕੇ ਰੱਖੇ ਹੋਏ ਹਨ | ਇਸ ਖ਼ਰਾਬ ਹੋ ਚੁੱਕੀ ਪਰਾਲੀ ਨੂੰ ਜਦੋਂ ਬੇਲਰਾਂ ਵਾਲਿਆਂ ਵਲੋਂ ਵੀ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤਾਂ ਅਜਿਹੇ 'ਚ ਕਿਸਾਨਾਂ ਦੇ ਕੋਲ ਇਸ ਨੂੰ ਅੱਗ ਲਗਾਏ ਜਾਣ ਤੋਂ ਬਿਨਾਂ ਕੋਈ ਹੋਰ ਬਦਲ ਨਹੀਂ ਰਹਿ ਜਾਂਦਾ ਪਰ ਜੇਕਰ ਉਹ ਅੱਗ ਲਗਾਉਂਦੇ ਹਨ ਤਾਂ ਸਰਕਾਰ ਵਲੋਂ ਉਨ੍ਹਾਂ ਉੱਪਰ ਪਰਚਾ ਕਰ ਦਿੱਤਾ ਜਾਂਦਾ ਹੈ | ਅਜਿਹੇ 'ਚ ਕਿਸਾਨ ਕਰੇ ਤਾਂ ਕੀ ਕਰੇ, ਇਹ ਇਸ ਸਮੇਂ ਇਕ ਵੱਡਾ ਸਵਾਲ ਬਣਿਆ ਹੋਇਆ ਹੈ | ਇਹ ਸਮੱਸਿਆ ਉਸ ਸਮੇਂ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਹੜ੍ਹਾਂ ਤੇ ਮੀਂਹਾਂ ਨਾਲ ਝੰਬੇ ਕਿਸਾਨਾਂ ਨੂੰ ਪਹਿਲਾਂ ਹੀ ਝੋਨੇ ਦਾ ਝਾੜ ਘੱਟਣ ਕਾਰਨ ਵੱਡੀ ਆਰਥਿਕ ਮਾਰ ਸਹਿਣੀ ਪੈ ਰਹੀ ਹੋਵੇ ਅਤੇ ਉੱਪਰੋਂ ਪਰਾਲੀ ਦੀ ਸਾਂਭ-ਸੰਭਾਲ ਦਾ ਖਰਚਾ ਚੁੱਕ ਸਕਣਾ ਉਨ੍ਹਾਂ ਲਈ ਸੌਖਾ ਨਹੀਂ ਹੈ | ਓਧਰ ਸਰਕਾਰ ਵਲੋਂ ਪਰਾਲੀ ਨੂੰ ਮਿੱਟੀ 'ਚ ਖਪਾਉਣ ਲਈ ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨੀਰੀ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਿਆਦਾਤਰ ਕਿਸਾਨਾਂ ਕੋਲ ਅਜੇ ਤੱਕ ਇਹ ਮਸ਼ੀਨਰੀ ਨਹੀਂ ਪਹੁੰਚ ਸਕੀ ਹੈ | ਖਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨ ਇਸ ਮਸ਼ੀਨਰੀ ਦਾ ਆਰਥਿਕ ਬੋਝ ਉਠਾਉਣ 'ਚ ਅਸਮਰਥ ਹਨ | ਹੁਣ ਜਦ ਕਣਕ ਦੀ ਬਿਜਾਈ ਦਾ ਸਮਾਂ ਸਿਰ 'ਤੇ ਆ ਗਿਆ ਹੈ ਤਾਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਦੀ ਚਿੰਤਾ ਲਗਾਤਾਰ ਵੱਢ-ਵੱਢ ਖਾ ਰਹੀ ਹੈ |
ਪਰਾਲੀ ਨੂੰ ਖਪਾਉਣਾ ਵੱਡੀ ਗਿਣਤੀ ਕਿਸਾਨਾਂ ਲਈ ਬਣਿਆ ਸਿਰਦਰਦੀ <br/>
ਅਜੀਤ ਡੈਸਕ
24-10-2025