ਪੰਜਾਬ ਤੋਂ ਝੋਨੇ ਦੀ ਖ਼ਰੀਦ ਵਿਚ ਰਿਕਾਰਡ ਕਮੀ ਦੀ ਸੰਭਾਵਨਾ <br/>
ਅਜੀਤ ਡੈਸਕ
24-10-2025
ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਅਕਤੂਬਰ-ਪੰਜਾਬ ਵਿਚ ਮਗਰਲੇ ਦਿਨਾਂ ਦੌਰਾਨ ਭਾਰੀ ਮੀਂਹਾਂ ਅਤੇ ਹੜ੍ਹਾਂ ਕਾਰਨ ਖ਼ਰਾਬ ਹੋਈ 4 ਲੱਖ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਅਤੇ ਕੁਝ ਖੇਤਰਾਂ ਵਿਚ ਮੌਸਮ ਦੀ ਤਬਦੀਲੀ ਕਾਰਨ ਝੋਨੇ ਦੀ ਫ਼ਸਲ ਨੂੰ ਪਈ ਬਿਮਾਰੀ ਦੀ ਮਾਰ ਕਾਰਨ ਘਟੇ ਝਾੜ ਕਾਰਨ ਇਸ ਵਾਰ ਸੂਬੇ ਤੋਂ ਕੇਂਦਰੀ ਪੂਲ ਲਈ ਖ਼ਰੀਦੇ ਜਾਣ ਵਾਲੇ ਝੋਨੇ ਵਿਚ ਰਿਕਾਰਡ ਕਮੀਂ ਰਹਿਣ ਦੀ ਸੰਭਾਵਨਾ ਹੈ | ਇਸ ਵਾਰ ਰਾਜ ਵਿਚੋਂ 180 ਲੱਖ ਮੀਟਰਿਕ ਟਨ ਝੋਨੇ ਦੀ ਫ਼ਸਲ ਹੋਣ ਅਤੇ ਖ਼ਰੀਦ ਦੇ ਟੀਚਿਆਂ ਸੰਬੰਧੀ ਚੁਣ ਲੱਗ ਰਹੇ ਅਨੁਮਾਨਾਂ ਅਨੁਸਾਰ 25 ਫ਼ੀਸਦੀ ਤੋਂ ਵੀ ਵਧ ਦੀ ਕਮੀਂ ਆ ਸਕਦੀ ਹੈ | ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਅਨੁਸਾਰ ਰਾਜ ਵਿਚ ਹੁਣ ਤੱਕ ਕੋਈ 63.49 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਸਰਕਾਰ ਵਲੋਂ ਖ਼ਰੀਦ ਸੀਜ਼ਨ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਰੱਖੇ ਜਾਣ ਦੀ ਤਜਵੀਜ਼ ਹੈ | ਕੇਂਦਰ ਸਰਕਾਰ ਵਲੋਂ ਮੀਂਹਾਂ ਕਾਰਨ ਬਦਰੰਗ ਹੋਏ ਝੋਨੇ ਸੰਬੰਧੀ ਜੋ 12 ਮੈਂਬਰੀ ਟੀਮ ਪੰਜਾਬ ਭੇਜੀ ਗਈ ਸੀ, ਉਸ ਵਲੋਂ ਕੇਂਦਰ ਨੂੰ ਅੱਜ ਆਪਣੀ ਰਿਪੋਰਟ ਤਾਂ ਸੌਂਪ ਦਿੱਤੀ ਗਈ ਹੈ ਪਰ ਅਜੇ ਖ਼ਰੀਦ ਸ਼ਰਤਾਂ ਨੂੰ ਨਰਮ ਕਰਨ ਸੰਬੰਧੀ ਫੈਸਲਾ ਲਿਆ ਜਾਣਾ ਬਾਕੀ ਹੈ | ਕੇਂਦਰ ਵਲੋਂ 5 ਫ਼ੀਸਦੀ ਤੱਕ ਬਦਰੰਗ ਝੋਨਾ ਖਰੀਦਣ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਰਾਜ ਦੀਆਂ ਮੰਡੀਆਂ 'ਚ 12 ਫ਼ੀਸਦੀ ਤੱਕ ਬਦਰੰਗ ਝੋਨਾ ਵੀ ਆ ਰਿਹਾ ਹੈ | ਬੀਤੀ ਸ਼ਾਮ ਤੱਕ ਰਾਜ ਦੀਆਂ ਮੰਡੀਆਂ 'ਚ ਆਇਆ ਕੋਈ 2, 23,772 ਮੀਟਰਿਕ ਟਨ ਝੋਨਾ ਨਿਰਧਾਰਿਤ ਸ਼ਰਤ ਤੋਂ ਵੱਧ ਬਦਰੰਗ ਹੋਣ ਕਾਰਨ ਵਿਕ ਨਹੀਂ ਸਕਿਆ ਸੀ ਪਰ ਅਜਿਹਾ ਝੋਨਾ ਕਈ ਕਿਸਾਨਾਂ ਵਲੋਂ ਮਜ਼ਬੂਰੀ 'ਚ 50 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕਵਿੰਟਲ ਦੀ ਕਟੌਤੀ ਨਾਲ ਵੇਚਿਆ ਵੀ ਜਾ ਰਿਹਾ ਹੈ, ਜਦੋਂਕਿ ਸਰਕਾਰ ਦਾ ਖ਼ਰੀਦ ਮੁੱਲ 2389 ਰੁਪਏ ਪ੍ਰਤੀ ਕਵਿੰਟਲ ਹੈ | ਰਾਜ ਦੀਆਂ ਮੰਡੀਆਂ 'ਚ ਹਾਲਾਂਕਿ ਇਸ ਵਾਰ ਝੋਨੇ ਦੀ ਆਮਦ ਕਾਫ਼ੀ ਪਛੜ ਕੇ ਸ਼ੁਰੂ ਹੋਈ ਅਤੇ ਸਰਕਾਰ ਵਲੋਂ ਵੀ 16 ਸਤੰਬਰ ਤੋਂ ਖ਼ਰੀਦ ਸ਼ੁਰੂ ਕੀਤੀ ਗਈ ਪਰ ਮੰਡੀਆਂ 'ਚ ਜਿਵੇਂ ਆਮਦ ਅਜੇ ਵੀ ਕੋਈ ਬਹੁਤਾ ਜ਼ੋਰ ਨਹੀਂ ਫੜ ਰਹੀ ਤੋਂ ਸਪਸ਼ਟ ਹੈ ਕਿ ਰਾਜ 'ਚੋਂ ਝੋਨੇ ਦੀ ਖ਼ਰੀਦ ਕਾਫ਼ੀ ਘੱਟ ਸਕਦੀ ਹੈ | ਖ਼ਰੀਦ ਏਜੰਸੀਆਂ ਦਾ ਮੰਨਣਾ ਹੈ ਕਿ 30 ਅਕਤੂਬਰ ਤੱਕ ਰਾਜ ਦੀਆਂ ਮੰਡੀਆਂ 'ਚੋਂ 100 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਜਾਣ ਦੀ ਸੰਭਾਵਨਾ ਹੈ | ਸਰਕਾਰੀ ਸੂਤਰਾਂ ਦਾ ਮੰਨਣਾ ਹੈ ਕਿ ਜਿਥੇ ਝੋਨੇ ਦੇ ਘਟਣ ਦਾ ਅਸਰ ਰਾਜ ਦੀ ਸ਼ੈਲਰ ਸਨਅਤ 'ਤੇ ਪਵੇਗਾ, ਉਥੇ ਜੇਕਰ ਝੋਨੇ ਦੀ ਪੈਦਾਵਾਰ ਵਿਚ 20-25 ਫ਼ੀਸਦੀ ਦੀ ਵੀ ਕਮੀਂ ਆਉਂਦੀ ਹੈ ਤਾਂ ਰਾਜ ਦੇ ਖ਼ਜ਼ਾਨੇ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ ਅਤੇ ਝੋਨੇ ਦੇ ਖ਼ਰੀਦ ਸੀਜ਼ਨ ਨਾਲ ਰਾਜ ਦੇ ਖ਼ਜ਼ਾਨੇ ਨੂੰ ਮਿਲਦੀ ਰਾਸ਼ੀ ਵਿਚ ਵੀ ਇਕ ਚੌਥਾਈ ਦੀ ਕਮੀਂ ਆ ਸਕਦੀ ਹੈ, ਜਦੋਂਕਿ ਵਿੱਤੀ ਸੰਕਟ ਕਾਰਨ ਰਾਜ ਦੇ ਖਜ਼ਾਨੇ ਲਈ ਇਕ-ਇਕ ਪੈਸਾ ਮਹੱਤਵਪੂਰਨ ਹੈ | ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਸਾਨੀ ਦੇ ਹੋਏ ਵੱਡੇ ਨੁਕਸਾਨ ਤੋਂ ਇਲਾਵਾ ਮੌਜੂਦਾ ਸਥਿਤੀ ਵਿਚ ਸਰਕਾਰ ਦੇ ਵੀ ਕੋਈ 300 ਕਰੋੜ ਦੇ ਮਾਲੀਏ ਦਾ ਨੁਕਸਾਨ ਹੋਵੇਗਾ, ਜਦੋਂਕਿ ਸਰਕਾਰ ਨੇ ਮਾਰੀ ਗਈ ਝੋਨੇ ਦੀ ਫ਼ਸਲ ਲਈ 20 ਹਜ਼ਾਰ ਪ੍ਰਤੀ ਏਕੜ ਦੇਣ ਦਾ ਵੀ ਐਲਾਨ ਕੀਤਾ ਹੋਇਆ ਹੈ |