ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ਨੇ ਸਤੰਬਰ ਦੇ ਲਈ ਜਾਰੀ ਆਪਣੀ ਮਹੀਨਾਵਾਰ ਦਵਾਈ ਅਲਰਟ 'ਚ ਵੱਖ-ਵੱਖ ਕੰਪਨੀਆਂ ਵਲੋਂ ਨਿਰਮਤ 52 ਨਮੂਨਿਆਂ ਨੂੰ ਮਿਆਰੀ ਗੁਣਵੱਤਾ ਵਾਲਾ ਨਹੀਂ ਪਾਇਆ ਹੈ | ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ | ਇਸ ਤੋਂ ਇਲਾਵਾ ਸੂਬਾ ਦਵਾਈ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੇ 60 ਦਵਾਈਆਂ ਦੇ ਨਮੂਨਿਆਂ ਦੀ ਪਛਾਣ ਮਿਆਰੀ ਗੁਣਵੱਤਾ ਦੇ ਨਹੀਂ ਦੇ ਰੂਪ 'ਚ ਕੀਤੀ ਹੈ | ਨਿਯਮਤ ਰੈਗੂਲੇਟਰੀ ਨਿਗਰਾਨੀ ਗਤੀਵਿਧੀ ਅਨੁਸਾਰ ਮਿਆਰੀ ਗੁਣਵੱਤਾ ਦੇ ਨਹੀਂ (ਐੱਨ. ਐੱਸ. ਕਿਊ.) ਅਤੇ ਨਕਲੀ ਦਵਾਈਆਂ ਦੀ ਸੂਚੀ ਮਹੀਨਾਵਾਰ ਆਧਾਰ 'ਤੇ ਸੀ. ਡੀ. ਐੱਸ. ਸੀ. ਓ. ਪੋਰਟਲ 'ਤੇ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਸਤੰਬਰ 2025 ਤੱਕ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਨੇ 52 ਦਵਾਈਆਂ ਦੇ ਨਮੂਨਿਆਂ ਅਤੇ ਸੂਬਾ ਦਵਾਈ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੇ 60 ਦਵਾਈ ਨਮੂਨਿਆਂ ਦੀ ਪਛਾਣ ਮਿਆਰੀ ਗੁਣਵੱਤਾ ਦੇ ਨਾ ਹੋਣ ਦੇ ਰੂਪ 'ਚ ਕੀਤੀ ਹੈ | ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |