31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਿਊ.ਐਸ.ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2026 'ਚ ਚੰਡੀਗੜ੍ਹ ਯੂਨੀਵਰਸਿਟੀ ਦੀ ਹੈਟਿ੍ਕ <br/>

ਅਜੀਤ ਡੈਸਕ 05-11-2025

ਐੱਸ. ਏ. ਐੱਸ. ਨਗਰ, 4 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਚੰਡੀਗੜ੍ਹ ਯੂਨੀਵਰਸਿਟੀ ਨੇ ਇਕ ਵਾਰ ਫ਼ਿਰ ਤੋਂ ਏਸ਼ੀਆ 'ਚ ਆਪਣਾ ਦਬਦਬਾ ਕਾਇਮ ਕਰਦਿਆਂ ਕਿਊ.ਐਸ.ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2026 'ਚ ਲਗਾਤਾਰ ਤੀਜੀ ਵਾਰ ਭਾਰਤ ਦੀ ਨੰਬਰ ਇਕ ਯੂਨੀਵਰਸਿਟੀ ਬਣਨ ਦਾ ਮਾਣ ਹਾਸਿਲ ਕੀਤਾ ਹੈ | ਇਸ ਤੋਂ ਪਹਿਲਾਂ ਵੀ ਸਾਲ 2024-25 'ਚ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਨੰਬਰ ਇਕ ਨਿੱਜੀ ਯੂਨੀਵਰਸਿਟੀ ਬਣ ਕੇ ਉੱਭਰੀ ਸੀ | ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਏਸ਼ੀਆਂ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ 16ਵਾਂ ਸਥਾਨ ਹਾਸਿਲ ਕੀਤਾ ਹੈ | ਜ਼ਿਕਰਯੋਗ ਹੈ ਕਿ ਆਈ. ਆਈ. ਟੀ. ਦਿੱਲੀ ਨੂੰ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ 'ਚੋਂ, ਜਦਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚੋਂ ਦੇਸ਼ 'ਚੋਂ ਪਹਿਲਾ ਸਥਾਨ ਮਿਲਿਆ ਹੈ | ਚੰਡੀਗੜ੍ਹ ਯੂਨੀਵਰਸਿਟੀ ਨੇ ਏਸ਼ੀਆ ਦੀਆਂ ਚੋਟੀ ਦੀਆਂ 110 ਯੂਨੀਵਰਸਿਟੀਆਂ 'ਚ ਜਗ੍ਹਾ ਬਣਾ ਕੇ ਇਕ ਵੱਡੀ ਛਾਲ ਮਾਰੀ ਹੈ ਅਤੇ ਏਸ਼ੀਆ ਦੀਆਂ ਚੋਟੀ ਦੀਆਂ 20 ਪ੍ਰਾਈਵੇਟ ਯੂਨੀਵਰਸਿਟੀਆਂ 'ਚ ਥਾਂ ਬਣਾਈ ਹੈ | ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਕਈ ਆਈ. ਆਈ. ਟੀ. ਅਤੇ ਐਨ. ਆਈ. ਟੀ. ਸੰਸਥਾਵਾਂ ਨੂੰ ਪਛਾੜਦੇ ਹੋਏ ਆਈ. ਆਈ. ਟੀ., ਆਈ. ਆਈ. ਐਸ. ਸੀ. ਅਤੇ ਜੇ. ਐਨ. ਯੂ. ਵਰਗੇ ਵਕਾਰੀ ਸੰਸਥਾਨਾਂ ਦੀ ਕਤਾਰ 'ਚ ਸ਼ਾਮਿਲ ਹੋ ਗਈ ਹੈ | ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਨੇ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ ਚੋਟੀ ਦੇ ਏਸ਼ਿਆਈ ਦੇਸ਼ਾਂ ਦੀਆਂ ਕਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨੂੰ ਪਛਾੜ ਦਿੱਤਾ ਹੈ | ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊ. ਐਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗ 'ਚ ਆਪਣੀ ਸਥਿਤੀ 'ਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਸਾਲ 2023 'ਚ 185ਵੇਂ ਸਥਾਨ 'ਚ ਰਹਿਣ ਵਾਲੀ ਇਹ ਯੂਨੀਵਰਸਿਟੀ 2026 'ਚ 109ਵੇਂ ਸਥਾਨ 'ਤੇ ਪਹੁੰਚ ਗਈ ਹੈ, ਜੋ ਕਿ ਪਿਛਲੇ ਤਿੰਨ ਸਾਲਾਂ 'ਚ 41.08 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ | ਇਸ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਸਾਰੀਆਂ ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ 'ਚ ਸਿਖਰਲਾ ਦਰਜਾ ਪ੍ਰਾਪਤ ਕਰਨ ਵਾਲੀ ਸਭ ਤੋਂ ਨਵੀਂ ਯੂਨੀਵਰਸਿਟੀ ਬਣ ਗਈ ਹੈ, ਜਿਸ ਦਾ 11 ਪ੍ਰਦਰਸ਼ਨ ਸੂਚਕਾਂ ਦੇ ਆਧਾਰ 'ਤੇ ਕੁੱਲ ਸਕੋਰ 2024 'ਚ 32.3 ਤੋਂ ਵਧ ਕੇ 2025 'ਚ ਸਿੱਧਾ 52.5 'ਤੇ ਪਹੁੰਚ ਗਿਆ ਹੈ | ਦੂਜੇ ਪਾਸੇ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ 'ਚੋਂ ਇਕ ਵਜੋਂ ਮਾਨਤਾ ਮਿਲੀ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਏਸ਼ੀਆ ਮਹਾਂਦੀਪ 'ਚ ਉੱਚ ਸਿੱਖਿਆ ਸੰਸਥਾਵਾਂ 'ਚ 11 ਸਥਾਨ ਉੱਪਰ ਚੜ੍ਹ ਕੇ 109ਵੇਂ ਸਥਾਨ 'ਤੇ ਕਾਬਜ਼ ਹੋ ਗਈ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਲਗਾਤਾਰ ਤੀਜੇ ਸਾਲ ਸਾਰੀਆਂ ਭਾਰਤੀ ਨਿੱਜੀ ਯੂਨੀਵਰਸਿਟੀਆਂ 'ਚੋਂ ਪਹਿਲਾ ਸਥਾਨ ਮਿਲਿਆ ਹੈ, ਜੋ ਕਿ ਸੱਚਮੁੱਚ ਇਕ ਸ਼ਾਨਦਾਰ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਦਰਸਾਉਂਦੀ ਹੈ ਕਿ ਅਸੀਂ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ ਸਾਰੇ ਖੇਤਰਾਂ 'ਚ ਸੁਧਾਰ ਕੀਤਾ ਹੈ | ਇਹ ਪ੍ਰਾਪਤੀ ਰੈਂਕਿੰਗ 'ਚ ਮਾਪੇ ਗਏ ਉੱਤਮਤਾ ਦੇ ਖੇਤਰਾਂ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ <br/> ਅਗਲੀ ਖ਼ਬਰ ਵਰਲਡ ਕੈਂਸਰ ਕੇਅਰ ਵਲੋਂ ਫਗਵਾੜਾ ਆਰੀਆ ਹਾਈ ਸਕੂਲ 'ਚ ਮੁਫ਼ਤ ਮੈਡੀਕਲ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।